ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜਬੂਤ ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ ਤਮਗਾ ਜਿੱਤਣ ‘ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਹਾਕੀ ਖਿਡਾਰੀ ਨੂੰ 1-1 ਕਰੋੜ ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ।
ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਖੇਡ ਮੰਤਰੀ ਨੇ ਟਵੀਟ ਕੀਤਾ, “ਭਾਰਤੀ ਹਾਕੀ ਦੇ ਇਸ ਇਤਿਹਾਸਕ ਦਿਨ ‘ਤੇ ਮੈਂ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਅਸੀਂ ਉਲੰਪਿਕਸ ਵਿੱਚ ਬਹੁਤ ਜ਼ਿਆਦਾ ਜ਼ੋਰ-ਅਜਮਾਈ ਨਾਲ ਫੁੰਡੇ ਤਮਗੇ ਦਾ ਜਸ਼ਨ ਮਨਾਉਣ ਲਈ ਤੁਹਾਡੀ ਵਾਪਸੀ ਦੀ ਉਡੀਕ ਕਰ ਰਹੇ ਹਾਂ।“
ਉਨਾਂ ਕਿਹਾ ਕਿ ਇਹ ਬਿਲਕੁਲ ਫਸਵਾਂ ਤੇ ਮਨੋਰੰਜਕ ਮੈਚ ਸੀ। ਸਾਡੇ ਮੁੰਡਿਆਂ ਨੇ ਇਹ ਟੋਕੀਉ ਉਲੰਪਿਕਸ 2020 ਵਿੱਚ ਕਰ ਦਿਖਾਇਆ ਹੈ ਅਤੇ 41 ਸਾਲਾਂ ਪਿੱਛੋਂ ਉਲੰਪਿਕ ਤਮਗਾ ਦੇਸ਼ ਦੀ ਝੋਲੀ ਪਾਇਆ ਹੈ। ਭਾਰਤ ਅਤੇ ਪੰਜਾਬ ਨੂੰ ਟੀਮ ਦੀ ਸ਼ਾਨਦਾਰ ਖੇਡ ‘ਤੇ ਮਾਣ ਹੈ। ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਕੁੱਲ 20 ਖਿਡਾਰੀਆਂ ਵਿੱਚੋਂ 11 ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ।