ਟੋਕਿਓ : ਟੋਕਿਓ ਓਲੰਪਿਕ ਖੇਡਾਂ ਵਿਚ ਕੈਨੇਡਾ ਨੇ ਚਾਂਦੀ ਦਾ ਤਮਗ਼ਾ ਫ਼ੁੰਡ ਲਿਆ ਹੈ। ਕੈਨੇਡਾ ਦੀ ਮਹਿਲਾ ਤੈਰਾਕੀ ਟੀਮ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਤਮਗ਼ੇ ਬਟੋਰਨ ਦੀ ਸ਼ੁਰੂਆਤ ਕੀਤੀ ਹੈ। ਕੈਨੇਡਾ ਦੀਆਂ ਮਹਿਲਾ ਤੈਰਾਕਾਂ ਨੇ ਦੋ ਸਿਲਵਰ ਮੈਡਲ ਜਿੱਤੇ ਹਨ। ਔਰਤਾਂ ਦੀ 4 x 100 ਮੀਟਰ ਫਰੀ ਸਟਾਈਲ ਰਿਲੇਅ ਵਿਚ ਕੈਨੇਡਾ ਦੀਆਂ ਔਰਤਾਂ ਦੀ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਟੋਕਿਓ ਓਲੰਪਿਕ ਵਿਚ ਕੈਨੇਡਾ ਦਾ ਇਹ ਪਹਿਲਾ ਤਮਗ਼ਾ ਹੈ। ਪੇਨੀ ਓਲੇਕਸਿਆਕ, ਕਾਇਲਾ ਸੰਚੇਜ਼, ਮੈਗੀ ਮੈਕ ਨੀਲ ਅਤੇ ਰੇਬੇਕਾ ਸਮਿੱਥ ਦੀ ਰਿਲੇਅ ਟੀਮ ਨੇ ਕੈਨੇਡਾ ਲਈ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਈਵੈਂਟ ਵਿੱਚ ਆਸਟ੍ਰੇਲੀਆ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਮਗ਼ਾ ਜਿੱਤਿਆ ਅਤੇ ਅਮਰੀਕਾ ਤੀਜੇ ਨੰਬਰ ‘ਤੇ ਰਿਹਾ, ਜਿਸ ਨੂੰ ਕਾਂਸੇ ਦਾ ਮੈਡਲ ਮਿਲਿਆ ਹੈ। ਉਧਰ ਦੂਜਾ ਸਿਲਵਰ ਮੈਡਲ ਕੈਨੇਡੀਅਨ ਮਹਿਲਾ ਗੋਤਾਖੋਰਾਂ ਨੂੰ ਸਿੰਕ੍ਰੋਨਾਈਜ਼ਡ ਸਪਰਿੰਗ ਬੋਰਡ ਡਾਇਵਿੰਗ ਵਿੱਚ ਮਿਲਿਆ। ਜੈਨੀਫ਼ਰ ਹਾਬਲ ਅਤੇ ਮੇਲਿਸਾ ਸਿਟਰੀਨੀ-ਬੀਉਲੀਯੂ ਨੇ ਮਹਿਲਾਵਾਂ ਦੇ ਤਿੰਨ ਮੀਟਰ ਸਿੰਕ੍ਰੋਨਾਈਜ਼ਡ ਸਪਰਿੰਗ ਬੋਰਡ ਡਾਇਵਿੰਗ ਵਿੱਚ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਤਮਗ਼ਾ ਜਿੱਤਿਆ।