ਪੰਜਾਬ ਨੂੰ ਬਚਾਉਣ ਅਤੇ ਲੋਕਾਂ ਦਾ ਦਰਦ ਰੱਖਣ ਵਾਲੀਆਂ ਸਖਸ਼ੀਅਤਾਂ 'ਆਪ' ਨਾਲ ਜੁੜਨ: ਭਗਵੰਤ ਮਾਨ
ਮੋਹਾਲੀ(ਸੱਚੀ ਕਲਮ ਬਿਊਰੋ) : ਆਮ ਆਦਮੀ ਪਾਰਟੀ (ਆਪ) ਨੂੰ ਮੰਗਲਵਾਰ ਨੂੰ ਐਸ.ਏ.ਐਸ ਨਗਰ (ਮੋਹਾਲੀ) 'ਚ ਉਦੋਂ ਤਕੜਾ ਬੱਲ ਮਿਲਿਆ ਜਦੋਂ ਸ਼ਹਿਰ ਦੇ ਉਘੇ ਸਮਾਜ ਸੇਵੀ ਅਤੇ ਸਿਟੀਜ਼ਨ ਵੈਲਫ਼ੇਅਰ ਫ਼ੋਰਮ ਦੇ ਪ੍ਰਧਾਨ ਸਤੀਸ਼ ਕੁਮਾਰ ਸੈਣੀ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਤੀਸ਼ ਕੁਮਾਰ ਸੈਣੀ ਦਾ ਰਸਮੀ ਤੌਰ 'ਤੇ 'ਆਪ' ਵਿੱਚ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਜਾਬ ਨੂੰ ਬਚਾਉਣਾ ਚਾਹੁੰਦਾ ਅਤੇ ਲੋਕ ਸੇਵਾ ਦੀ ਭਾਵਨਾ ਰੱਖਦਾ, ਉਸ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ।
ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਾਸੀ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਜ਼ੁਲਮਾਂ ਤੋਂ ਅੱਕ ਚੁੱਕੇ ਹਨ ਕਿਉਂਕਿ ਕਾਂਗਰਸ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਦੀਆਂ ਨੀਤੀਆਂ 'ਤੇ ਹੀ ਚੱਲ ਰਹੀ ਹੈ। ਸੂਬੇ ਬਾਦਲ ਸਰਕਾਰ ਦੀ ਤਰਾਂ ਹੀ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਅਤੇ ਹੋਰ ਮਾਫੀਆ ਚੱਲ ਰਿਹਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲਈ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
ਇਸ ਸਮੇਂ ਉਘੇ ਸਮਾਜਸੇਵੀ ਅਤੇ ਸਿਟੀਜ਼ਨ ਵੈਲਫ਼ੇਅਰ ਫ਼ੋਰਮ ਫ਼ੇਜ਼ 9 ਮੋਹਾਲੀ ਦੇ ਪ੍ਰਧਾਨ ਸਤੀਸ਼ ਕੁਮਾਰ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੇ ਉਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸੇ ਲਈ ਉਨਾਂ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਨਾਂ ਕਿਹਾ ਕਿ 'ਆਪ' ਵੱਲੋਂ ਲਾਈ ਗਈ ਹਰ ਸੇਵਾ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।