ਜੈਨੇਵਾ :ਕੋਵਿਡ-19 ਦਾ ਡੈਲਟਾ ਵੇਰੀਐਂਟ 85 ਦੇਸ਼ਾਂ ਤਕ ਪਹੁੰਚ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰੋਸ ਅਧਨੋਮ ਘੇਬਰੇਸਸ ਨੇ ਕਿਹਾ ਕਿ ਡੈਲਟਾ ਵੇਰੀਐਂਟ ਹੁਣ ਤਕ ਦਾ ਸੱਭ ਤੋਂ ਖ਼ਤਰਨਾਕ ਵੇਰੀਐਂਟ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਗ਼ਰੀਬ ਦੇਸ਼ਾਂ ’ਚ ਵੈਕਸੀਨ ਦੀ ਘਾਟ ਡੈਲਟਾ ਵੇਰੀਐਂਟ ਦੇ ਪ੍ਰਸਾਰ ’ਚ ਸਹਾਇਕ ਸਿੱਧ ਹੋ ਰਹੀ ਹੈ। ਡਬਲਯੂ.ਐਚ.ਓ. ਮੁਖੀ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਅਜੇ ਡੈਲਟਾ ਵੇਰੀਐਂਟ ਨੂੰ ਲੈ ਕੇ ਜ਼ਿਆਦਾ ਚਿੰਤਾ ਹੈ ਅਤੇ ਡਬਲਯੂ.ਐਚ.ਓ. ਵੀ ਇਸ ਨੂੰ ਲੈ ਕੇ ਚਿੰਤਤ ਹੈ।
ਮੁਖੀ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਕੱੁਝ ਦੇਸ਼ਾਂ ’ਚ ਪਾਬੰਦੀਆਂ ’ਚ ਢਿੱਲ ਦਿਤੀ ਜਾ ਰਹੀ ਹੈ। ਅਜਿਹੇ ’ਚ ਅਸੀਂ ਵੇਰੀਐਂਟ ਦੇ ਪ੍ਰਸਾਰ ’ਚ ਹੋ ਰਹੇ ਵਾਧੇ ਨੂੰ ਵੇਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜ਼ਿਆਦਾ ਮਾਮਲਿਆਂ ਦਾ ਮਤਲਬ ਜ਼ਿਆਦਾ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਵੇਗਾ। ਇਸ ਨਾਲ ਸਿਹਤ ਕਾਮਿਆਂ ਅਤੇ ਸਿਹਤ ਸੇਵਾਵਾਂ ’ਤੇ ਦਬਾਅ ਵਧੇਗਾ ਜਿਸ ਨਾਲ ਮਿ੍ਰਤਕਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਮੁਖੀ ਨੇ ਕਿਹਾ ਕਿ ਅਮੀਰ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਤਤਕਾਲ ਵੈਕਸੀਨ ਨਹੀਂ ਦੇਣਾ ਚਾਹੁੰਦੇ। ਉਹ ਨਿਰਾਸ਼ ਹਨ ਕਿਉਂਕਿ ਉਨ੍ਹਾਂ ਕੋਲ ਵੈਕਸੀਨ ਨਹੀਂ ਹੈ। ਜੇਕਰ ਵੈਕਸੀਨ ਨਹੀਂ ਤਾਂ ਤੁਸੀਂ ਕੀ ਸਾਂਝਾ ਕਰੋਗੇ?
ਡਬਲਯੂਐਚਓ ’ਚ ਕੋਵਿਡ-19 ਟੈਕਨੀਕਲ ਲੀਡ ਡਾ. ਮਾਰੀਆ ਵਾਨ ਕੇਰਖੋਵ ਨੇ ਕਿਹਾ ਕਿ ਡੈਲਟਾ ਵੇਰੀਐਂਟ ਖ਼ਤਰਨਾਕ ਹੈ ਅਤੇ ਅਲਫ਼ਾ ਵੇਰੀਐਂਟ ਤੋਂ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਯੂਰਪੀ ਦੇਸ਼ਾਂ ’ਚ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ ਪਰ ਇਸ ਪੂਰੇ ਖੇਤਰ ’ਚ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਜਿਵੇਂ- ਵੱਡੇ ਪੱਧਰ ’ਤੇ ਖੇਡ ਪ੍ਰੋਗਰਾਮ, ਧਾਰਮਕ ਪ੍ਰੋਗਰਾਮ ਅਤੇ ਲੋਕਾਂ ਦੇ ਘਰਾਂ ’ਚ ਪਾਰਟੀ। ਇਸ ਤਰ੍ਹਾਂ ਦੇ ਕਦਮ ਨਾਲ ਕੋਈ ਨਾ ਕੋਈ ਨਤੀਜੇ ਹੋਣਗੇ। ਅਜਿਹੇ ’ਚ ਡੈਲਟਾ ਵੇਰੀਐਂਟ ਉਨ੍ਹਾਂ ਲੋਕਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ।