ਮੈਲਬਰਨ: ਆਸਟ੍ਰੇਲੀਆ ਵਿੱਚ ਚੂਹਿਆਂ ਨੇ ਸਰਕਾਰ ਦੀ ਨੱਕ ਵਿੱਚ ਦਮ ਕਰ ਰੱਖਿਆ ਹੈ। ਨਿਊ ਸਾਊਥ ਵੇਲਸ ਦੀ ਸਰਕਾਰ ਨੇ ਭਾਰਤ ਤੋਂ 5000 ਲੀਟਰ ਚੂਹੇ ਮਾਰਨ ਦੀ ਦਵਾਈ ਵੀ ਮੰਗ ਵੀ ਕੀਤੀ ਸੀ। ਹੁਣ ਚੂਹਿਆਂ ਤੋਂ ਫੈਲਣ ਵਾਲੀ ਪਲੇਗ ਦੇ ਡਰੋਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਜੇਲ੍ਹ ਨੂੰ ਖਾਲੀ ਕਰਵਾਉਣਾ ਪੈ ਗਿਆ ਹੈ। ਜੇਲ੍ਹ ਵਿੱਚ ਬੰਦ 420 ਕੈਦੀ ਅਤੇ 200 ਦਾ ਸਟਾਫ ਹੋਰਨਾਂ ਥਾਵਾਂ 'ਤੇ ਭੇਜਿਆ ਗਿਆ ਹੈ। ਵੈਲਿੰਗਟਨ ਸੁਧਾਰ ਕੇਂਦਰ ਦੀ ਹਾਲਤ ਬਿਆਨ ਕਰਦਿਆਂ ਸੁਧਾਰ ਸੇਵਾਵਾਂ ਕਮਿਸ਼ਨਰ ਪੀਟਰ ਸੈਵਰਿਨ ਨੇ ਦੱਸਿਆ ਕਿ ਅਗਲੇ 10 ਦਿਨਾਂ ਤੱਕ ਜੇਲ੍ਹ ਵਿੱਚ ਸਾਫ-ਸਫਾਈ ਤੇ ਮੁਰੰਮਤ ਦਾ ਕੰਮ ਚੱਲੇਗਾ, ਉਦੋਂ ਤੱਕ ਕੈਦੀਆਂ ਤੇ ਸਟਾਫ ਨੂੰ ਕਿਤੇ ਹੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦ ਜੇਲ੍ਹ ਵਿੱਚ ਬਿਜਲੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਮਰੇ ਹੋਏ ਚੂਹੇ ਮਿਲੇ। ਪਲੇਗ ਫੈਲਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਖਾਣੇ ਅਤੇ ਰਹਿਣ ਲਈ ਥਾਂ ਦੀ ਤਲਾਸ਼ ਵਿੱਚ ਚੂਹਿਆਂ ਨੇ ਜੇਲ੍ਹ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਹੈ।