ਲੰਡਨ : ਪਤੀ-ਪਤਨੀ ਦੇ ਝਗੜੇ ਨੇ ਉਸ ਵੇਲੇ ਖ਼ਤਰਨਾਕ ਰੂਪ ਧਾਰ ਲਿਆ ਜਦੋਂ ਅੱਕੀ ਔਰਤ ਨੇ ਅਪਣੇ ਪਤੀ ਨੂੰ ਉਬਲਦੇ ਪਾਣੀ ਨਾਲ ਸਾੜ ਦਿਤਾ, ਏਨਾ ਹੀ ਨਹੀਂ ਔਰਤ ਨੇ ਉਬਲਦੇ ਪਾਣੀ ਵਿਚ ਪਹਿਲਾਂ ਖੰਡ ਵੀ ਮਿਲਾਈ। ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਚ ਇਕ ਔਰਤ ਨੇ ਆਪਣੇ 81 ਸਾਲਾ ਪਤੀ ’ਤੇ ਉਬਲਦਾ ਹੋਇਆ ਪਾਣੀ ਪਾ ਦਿਤਾ। ਇਸ ਮਗਰੋਂ ਸ਼ਖਸ ਦੀ ਮੌਤ ਹੋ ਗਈ। 59 ਸਾਲ ਦੀ ਕੋਰਿਨਾ ਬੇਂਸ ਦੇ ਵਿਆਹ ਨੂੰ 38 ਸਾਲ ਹੋ ਚੁੱਕੇ ਸਨ। ਕੇਰਿਨਾ ਇਕ ਛੋਟੀ ਜਿਹੀ ਗੱਲ ’ਤੇ ਪਤੀ ਤੋਂ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ। ਕੋਰਿਨਾ ਨੂੰ ਇਸ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ।
ਇਸ ਮਾਮਲੇ ਵਿਚ ਮੈਟ੍ਰੋ ਵੈਬਸਾਈਟ ਨਾਲ ਗੱਲ ਕਰਦਿਆਂ ਡਿਟੈਕਟਿਵ ਚੀਫ ਇੰਸਪੈਕਟਰ ਪਾਲ ਹਿਊਜ਼ ਨੇ ਕਿਹਾ ਕਿ ਕੋਰਿਨਾ ਨੇ ਨਾ ਸਿਰਫ ਆਪਣੇ ਪਤੀ ’ਤੇ ਉਬਲਦਾ ਹੋਇਆ ਪਾਣੀ ਪਾਇਆ ਸਗੋਂ ਉਸ ਵਿਚ ਤਿੰਨ ਕਿਲੋ ਖੰਡ ਵੀ ਮਿਲਾਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰਿਨਾ ਅਪਣੀ ਪਤੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਉਬਲਦੇ ਪਾਣੀ ਵਿਚ ਚੀਨੀ ਕਾਫੀ ਜਾਨਲੇਵਾ ਹੋ ਜਾਂਦੀ ਹੈ। ਚੀਫ਼ ਇੰਸਪੈਕਟਰ ਨੇ ਕਿਹਾ ਕਿ ਕੋਰਿਨਾ ਇਸ ਹਮਲੇ ਦੇ ਬਾਅਦ ਐਂਬੂਲੈਸ ਬੁਲਾਉਣ ਮਗਰੋਂ ਨੇੜੇ ਮੌਜੂਦ ਗੁਆਂਢੀਆਂ ਕੋਲ ਚਲੀ ਗਈ। ਉੱਥੋ ਕੋਰਿਨਾ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗੀ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ।
ਕੋਰਿਨਾ ਨੇ ਘਬਰਾਉਂਦੇ ਹੋਏ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ ਹੈ ਅਤੇ ਉਸ ਨੇ ਸ਼ਾਇਦ ਅਪਣੇ ਪਤੀ ਨੂੰ ਮਾਰ ਦਿਤਾ ਹੈ। ਭਾਵੇਂਕਿ ਜੇਕਰ ਉਹ ਘਬਰਾਉਂਦੀ ਨਹੀਂ ਤਾਂ ਸ਼ਾਇਦ ਕੋਰਿਨਾ ਦਾ ਪਤੀ ਬਚ ਜਾਂਦਾ। ਅਸਲ ਵਿਚ ਕੋਰਿਨਾ ਅਪਣੀ ਬੇਟੀ ਨਾਲ ਸ਼ਾਪਿੰਗ ਲਈ ਗਈ ਹੋਈ ਸੀ ਪਰ ਉਸ ਦੇ ਪਤੀ ਨੇ ਉਸ ਨੂੰ ਉੱਥੋਂ ਜਲਦੀ ਬੁਲਾ ਲਿਆ ਸੀ। ਰਿਪੋਰਟਾਂ ਮੁਤਾਬਕ ਕੋਰਿਨਾ ਦਾ ਪਤੀ ਕਿਸੇ ਜ਼ਰੂਰੀ ਕੰਮ ਕਾਰਨ ਉਸ ਨੂੰ ਜਲਦੀ ਘਰ ਬੁਲਾਉਣਾ ਚਾਹੁੰਦਾ ਸੀ। ਕੋਰਿਨਾ ਨੇ ਉਸ ਸਮੇਂ ਤਾਂ ਕੁਝ ਨਹੀਂ ਕਿਹਾ ਪਰ ਉਹ ਇਸ ਗੱਲ ’ਤੇ ਕਾਫੀ ਨਾਰਾਜ਼ ਸੀ। ਇਸ ਮਗਰੋਂ ਕੋਰਿਨਾ ਨੇ ਦੋ ਕੇਤਲੀ ਪਾਣੀ ਉਬਾਲਿਆ ਅਤੇ ਉਸ ਵਿਚ ਕੁਝ ਕਿਲੋ ਖੰਡ ਮਿਲਾਈ ਅਤੇ ਫਿਰ ਇਸ ਉਬਲਦੇ ਹੋਏ ਪਾਣੀ ਨੂੰ ਬਾਲਟੀ ਵਿਚ ਪਾ ਕੇ ਆਪਣੇ ਸੁੱਤੇ ਹੋਏ ਪਤੀ ’ਤੇ ਪਾ ਦਿੱਤਾ। ਇਸ ਮਗਰੋਂ ਕੋਰਿਨਾ ਦੇ ਪਤੀ ਦੇ ਸਰੀਰ ਦਾ ਇਕ ਤਿਹਾਈ ਹਿੱਸਾ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ।