ਚੰਡੀਗੜ੍ਹ : ਦੋਸਤੋ ਇਕ ਪਾਸੇ ਜਿਥੇ ਪੂਰੇ ਭਾਰਤ ਵਿਚ ਸਿਰਫ਼ 2% ਲੋਕ ਹੀ ਖ਼ੂਨ ਦਾਨ ਕਰਦੇ ਹਨ ਬਾਕੀ ਦੀ ਜਨਤਾ ਸਿਰਫ਼ ਦੂਜਿਆਂ ਨੂੰ ਦੇਖ਼ ਕੇ ਖ਼ੁਸ਼ ਹੁੰਦੀ ਹੈ ਅਤੇ ਅਪਣੇ ਫ਼ਰਜ਼ ਪ੍ਰਤੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੀ। ਉਥੇ ਹੀ ਕੁਝ ਅਜਿਹੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਵਿਚ ਇਨਸਾਨੀਅਤ ਦੇਖੀ ਜਾ ਸਕਦੀ ਹੈ। ਅਜਿਹੀ ਹੀ ਇੱਕ ਸੰਸਥਾ 'ਲਿਵ ਫ਼ਾਰ ਹਿਉਮੈਨਿਟੀ' ਹੈ ਜੋ ਆਪਣੀਆਂ ਸੇਵਾਵਾਂ ਲਗਾਤਾਰ ਦੇ ਰਹੀ ਹੈ। ਦੱਸ ਦਈਏ ਕਿ 'ਲਿਵ ਫ਼ਾਰ ਹਿਊਮੈਨਿਟੀ' ਸੰਸਥਾ ਦੇ ਪ੍ਰਧਾਨ ਸਤੀਸ਼ ਸਚਦੇਵਾ ਜੀ ਖੁਦ ਖੂਨ ਦਾਨੀ ਹੋਣ ਦੇ ਨਾਤੇ ਦੂਜਿਆਂ ਲਈ ਵੀ ਵੱਡੇ ਪ੍ਰੇਰਨਾ ਸਰੋਤ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸਾਕ ਸਬੰਧੀ ਵੀ ਲੋੜ ਪੈਣ 'ਤੇ ਹਸਪਤਾਲ ਜਾਨ ਤੋਂ ਗੁਰੇਜ਼ ਕਰਦੇ ਹਨ ਪਰ ਇਸ ਕੋਰੋਨਾ ਕਾਲ ਦੌਰਾਨ ਵੀ ਸੰਸਥਾ ਵਲੋਂ ਇਨਸਾਨੀਅਤ ਦੇ ਭਲੇ ਲਈ ਦਿੱਤੇ ਜਾ ਰਹੇ ਸਹਿਯੋਗ ਵਿੱਚ ਕਮੀ ਨਹੀਂ ਆਈ ਜਿਸ ਦੇ ਚਲਦਿਆਂ ਅੱਜ GMCH 32, ਚੰਡੀਗੜ੍ਹ ਵਿਖੇ O- ਖੂਨ ਦਿੱਤਾ ਗਿਆ। ਦੱਸਣਯੋਗ ਹੈ ਕਿ ਅਨੀਤਾ ਪਟਿਆਲ ਪਤਨੀ ਸ਼੍ਰੀ ਅਭਿਸ਼ੇਕ ਚੌਧਰੀ, ਦੇ ਗਿੱਟੇ ਵਿੱਚ ਫਰੈਕਚਰ ਹੋਣ ਕਾਰਨ ਸੈਕਟਰ 32 ਸਥਿਤ ਹਸਪਤਾਲ ਵਿੱਚ ਅਪ੍ਰੇਸ਼ਨ ਹੋਣਾ ਹੈ ਜਿਸ ਵਿੱਚ ਵੱਡੀ ਮਾਤਰਾ ਵਿੱਚ ਖੂਨ ਦੀ ਜ਼ਰੂਰਤ ਪਏਗੀ। ਇਸੇ ਦੇ ਚਲਦਿਆਂ 'ਲਿਵ ਫ਼ਾਰ ਹਿਊਮੈਨਿਟੀ' ਦੀ ਮੈਂਬਰ ਕੋਮਲਜੀਤ ਕੌਰ ਵਲੋਂ ਖੂਨ ਦਿੱਤਾ ਗਿਆ। ਇਥੇ ਇਹ ਦੱਸ ਦਈਏ ਕਿ ਖੂਨ ਦਾਨ ਕਰਨ ਨਾਲ ਜਿਥੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਉਥੇ ਹੀ ਖੁਦ ਨੂੰ ਵੀ ਸਿਹਤਯਾਬ ਰੱਖਿਆ ਜਾ ਸਕਦਾ ਹੈ। 'ਲਿਵ ਫ਼ਾਰ ਹਿਊਮੈਨਿਟੀ' ਵਲੋਂ ਸਾਰਿਆਂ ਨੂੰ ਵੱਧ ਚੜ੍ਹ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਮਾਨਵਤਾ ਦਾ ਭਲਾ ਕੀਤਾ ਜਾ ਸਕੇ ।