ਬਰਲਿਨ : ਬ੍ਰਿਟਿਸ਼ ਅਖਬਾਰ ਫਾਈਨੈਂਸ਼ਲ ਟਾਈਮਜ਼ ਨਾਲ ਗੱਲਬਾਤ 'ਚ ਗੋਈਥੇ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਰਾਫਲ ਮਾਰਸਚਾਲੇਕ ਨੇ ਕਿਹਾ ਕਿ ਵੈਕਸੀਨ ਜਿਸ ਤਰ੍ਹਾਂ ਸਰੀਰ 'ਚ ਦਾਖਲ ਹੁੰਦੀ ਹੈ ਉਸ ਦੇ ਕਾਰਣ ਥੱਕੇ ਜੰਮਦੇ ਹਨ। ਉਨ੍ਹਾਂ ਨੇ ਦੱਸਿਆ ਕਿ ਆਕਸਫੋਰਡ ਦੀ ਵੈਕਸੀਨ ਨਾਲ ਇਸ ਲਈ ਇਹ ਸਮੱਸਿਆ ਹੋ ਰਹੀ ਹੈ ਕਿਉਂਕਿ ਇਹ ਐਡੀਨੋਵਾਇਰਸ ਵੈਕਟਰ ਵੈਕਸੀਨ ਹੈ। ਇਸ 'ਚ ਨਵੇਂ ਵਾਇਰਸ ਦੇ ਜੈਨੇਟਿਕ ਮਟੀਰੀਅਲ ਦਾ ਇਸਤੇਮਾਲ ਹੋਇਆ ਹੈ। ਇਸ ਨੂੰ ਐਡੀਨੋਵਾਇਰਸ ਦੇ ਜੀਨਸ ਨਾਲ ਮਿਲਾ ਕੇ ਵਿਕਸਿਤ ਕੀਤਾ ਗਿਆ ਹੈ ਤਾਂ ਕਿ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾ ਸਕੇ।
ਜਰਮਨੀ ਦੇ ਮਾਹਿਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਲਾਉਣ ਤੋਂ ਬਾਅਦ ਲੋਕਾਂ ਨੂੰ ਖੂਨ ਦੇ ਥੱਕੇ ਜੰਮਣ ਦੀ ਸਮੱਸਿਆ ਕਿਉਂ ਹੋ ਰਹੀ ਹੈ। ਹਾਲ ਹੀ 'ਚ ਆਕਸਫੋਰਡ-ਐਸਟ੍ਰਾਜ਼ੇਨੇਕਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਲੈਣ ਵਾਲਿਆਂ 'ਚ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਮਿਲੇ ਸਨ। ਖਾਸ ਤੌਰ 'ਤੇ 50 ਸਾਲ ਤੋਂ ਘੱਟ ਉਮਰ ਦੀਆਂ ਮਹਿਲਾਵਾਂ ਇਸ ਪ੍ਰੇਸ਼ਾਨੀ ਨਾਲ ਜੂਝ ਰਹੀਆਂ ਹਨ। ਬ੍ਰਿਟੇਨ 'ਚ 3.3 ਕਰੋੜ ਲੋਕਾਂ 'ਚ ਐਸਟ੍ਰਾਜ਼ੇਨੇਕਾ ਨਾਲ ਜੁੜੇ 309 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ 'ਚੋਂ 56 ਲੋਕਾਂ ਦੀ ਮੌਤ ਹੋ ਗਈ।
ਉਥੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਲੈਣ ਵਾਲੇ 1.04 ਕਰੋੜ ਲੋਕਾਂ 'ਚੋਂ 28 'ਚ ਖੂਨ ਦੇ ਥੱਕੇ ਜੰਮਣ ਦੀ ਸਮੱਸਿਆ ਦੀ ਜਾਣਕਾਰੀ ਮਿਲੀ। ਮਾਹਿਰਾਂ ਨੂੰ ਹੁਣ ਇਸ ਪ੍ਰੇਸ਼ਾਨੀ ਦੇ ਪਿੱਛੇ ਦੇ ਕਾਰਣ ਦਾ ਪਤਾ ਚੱਲ ਗਿਆ ਹੈ ਅਤੇ ਉਨ੍ਹਾਂ ਨੇ ਇਲਾਜ ਵੀ ਦੱਸਿਆ ਹੈ। ਜਰਮਨੀ ਦੇ ਗੋਏਥੇ ਯੂਨੀਵਰਸਿਟੀ ਅਤੇ ਉਲਮ ਯੂਨਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਐਡੀਨੋਵਾਇਰਸ ਵੈਕਟਰ 'ਚ ਹੈ। ਇਹ ਆਮ ਕੋਲਡ ਵਾਇਰਸ ਹੈ ਜਿਸ ਦੇ ਰਾਹੀਂ ਵੈਕਸੀਨ ਸਰੀਰ 'ਚ ਦਾਖਲ ਹੁੰਦੀ ਹੈ। ਰੂਸ ਦੀ ਸਪੂਤਨਿਕ ਵੀ ਵੈਕਸੀਨ ਵੀ ਇਸ ਤਰ੍ਹਾਂ ਦਾ ਕੰਮ ਹੀ ਕਰਦੀ ਹੈ ਪਰ ਉਸ ਨੂੰ ਲੈਣ ਤੋਂ ਬਾਅਦ ਖੂਨ ਦੇ ਥੱਕੇ ਵਾਲੇ ਮਾਮਲੇ ਨਹੀਂ ਮਿਲੇ ਹਨ।