ਨਵੀਂ ਦਿੱਲੀ (ਏਜੰਸੀਆਂ) : ਸਰਕਾਰ ਦੇ ਪੈਨਲ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਲਗਾਈ ਜਾ ਰਹੀ ਕੋਵਿਡ-19 ਵੈਕਸੀਨ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚ 12 ਤੋਂ 16 ਹਫਤੇ ਦਾ ਫਰਕ ਪਾਉਣ ਦੀ ਸਿਫ਼ਾਰਸ਼ ਕੀਤੀ ਹੈ। ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਊਨਾਇਜੇਸ਼ਨ ਨੇ ਇਸ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਗਰੁੱਪ ਨੇ ਕੋਵੈਕਸੀਨ ਦੀਆਂ ਦੋ ਖੁਰਾਕ ਦੇ ਫਰਕ ਨੂੰ ਵਧਾਉਣ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ। ਸਰਕਾਰ ਦੇ ਪੈਨਲ ਵੱਲੋਂ ਇਸ ਤਰ੍ਹਾਂ ਦੀ ਇਹ ਸਿਫ਼ਾਰਸ਼ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਨਵੀਂ ਸਟੱਡੀ ਵਿਚ ਦਾਅਵਾ ਕੀਤਾ ਗਿਆ ਕਿ ਜੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵਿਚ ਫਰਕ ਨੂੰ ਵਧਾ ਦਿੱਤਾ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਪਹਿਲਾਂ ਵੀ ਕੋਵਿਡ 19 ਦੀ ਰੋਕਥਾਮ ਲਈ ਲਗਾਈ ਜਾਣ ਵਾਲੀ ਵੈਕਸੀਨ ਦੀਆਂ ਦੋ ਖੁਰਾਕਾਂ ਵਿਚ ਫਰਕ ਵਧਾਇਆ ਸੀ। ਹੁਣ ਇਕ ਵਾਰ ਫਿਰ ਤੋਂ ਵਿਸ਼ਵ ਭਰ ਵਿਚ ਇਸ ਡੋਜ਼ ਦੇ ਫਰਕ ਨੂੰ ਵਧਾਏ ਜਾਣ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ। ਬ੍ਰਿਟੇਨ ਨੇ ਦੋ ਖੁਰਾਕਾਂ ਵਿਚ 12 ਹਫਤਿਆਂ ਦਾ ਫਰਕ ਪਾਉਣ ਦਾ ਫੈਸਲਾ ਲਿਆ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਉਥੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਲਗਪਗ 80 ਫੀਸਦ ਮੌਤਾਂ ਘੱਟ ਹੋਈਆਂ ਹਨ। ਇਸ ਤੋਂ ਇਲਾਵਾ ਸੰਕ੍ਰਮਣ ਦੀ ਰਫ਼ਤਾਰ ਵੀ ਲਗਪਗ 70 ਫੀਸਦ ਤਕ ਘੱਟ ਹੋਈ ਹੈ।