ਮਲੇਸ਼ੀਆ (ਏਜੰਸੀਆ) : ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਮਾਰ ਇਸ ਕਦਰ ਪੈ ਰਹੀ ਹੈ ਕਿ ਕਈ ਦੇਸ਼ਾਂ ਨੇ ਆਪਣੀਆਂ ਹਵਾਈ ਯਾਤਰਾਵਾਂ ਉਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾ ਦਿਤੀਆਂ ਹਨ। ਇਸੇ ਤਰ੍ਹਾਂ ਮਲੇਸ਼ੀਆ ਨੇ ਪਿਛਲੇ ਕੁਝ ਹਫ਼ਤਿਆਂ ’ਚ ਕੋਵਿਡ-19 ਦੇ ਵਧਦੀ ਇਨਫੈਕਸ਼ਨ ਨੂੰ ਦੇਖਦਿਆਂ ਪਾਕਿਸਤਾਨ ਤੇ ਕਈ ਹੋਰ ਏਸ਼ੀਆਈ ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ ਲਾ ਦਿਤੀ ਹੈ। ਜਿਉ ਨਿਊਜ਼ ਨੇ ਆਪਣੀ ਰਿਪੋਰਟ ’ਚ ਮਲੇਸ਼ੀਆਈ ਇਮੀਗ੍ਰੇਸ਼ਨ ਪ੍ਰਸ਼ਾਸਨ ਦੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਜਾਣਕਾਰੀ ਦਿੱਤੀ ਹੈ ਕਿ ਸ਼ਨਿਚਰਵਾਰ ਤੋਂ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਨੇਪਾਲ ਦੇ ਨਾਗਰਿਕਾਂ ਨੂੰ ਮਲੇਸ਼ੀਆ ’ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਪਾਬੰਦੀ ਦੀਆਂ ਸ਼ਰਤਾਂ ਨੂੰ ਦੱਸਦਿਆਂ ਮਲੇਸ਼ੀਆ ਦੇ ਸੀਨੀਅਰ ਮੰਤਰੀ ਇਸਮਾਈਲ ਯਾਕੂਬ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਸਾਰੇ ਨਾਗਰਿਕਾਂ ’ਤੇ ਲੰਬੇ ਸਮੇਂ ਦੀ ਸੋਸ਼ਲ ਵਿਜ਼ਿਟ ਤੋਂ ਲੈ ਕੇ ਬਿਜਨੈਸ ਟਰਿੱਪ ਤੇ ਹੋਰ ਸਾਰੇ ਕਾਰਨਾਂ ਤੋਂ ਯਾਤਰਾ ’ਤੇ ਰੋਕ ਰਹੇਗੀ। ਉਨ੍ਹਾਂ ਕਿਹਾ ਕਿ ਯਾਤਰਾ ਕਰਨ ਦੀ ਛੋਟ ਸਿਰਫ਼ ਕੂਟਨੀਤਕ ਪਾਸਪੋਰਟ ਧਾਰਕਾਂ ਤੇ ਅਧਿਕਾਰੀਆਂ ਨੂੰ ਹੋਵੇਗੀ। ਇਹ ਉਹ ਅਫਸਰ ਹੋਣਗੇ ਜਿਨ੍ਹਾਂ ਨੂੰ ਵਿਏਨਾ ਸੰਮੇਲਨ ’ਚ ਕੂਟਨੀਤਕ ਸਬੰਧਾਂ, 1961 ਤਹਿਤ ਛੋਟ ਮਿਲੀ ਹੋਈ ਹੈ।
ਇਸ ਸ਼੍ਰੇਣੀ ਦੇ ਲੋਕਾਂ ਨੂੰ ਆਪਣੇ ਮੌਜੂਦਾ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐੱਸਓਪੀ) ਤਹਿਤ ਮਲੇਸ਼ੀਆ ’ਚ ਪ੍ਰਵੇਸ਼ ਮਿਲੇਗਾ। ਜਿਓ ਨਿਊਜ਼ ਮੁਤਾਬਿਕ ਮਲੇਸ਼ੀਆ ਦੀ ਪਾਬੰਦੀ ਲਾਉਣ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਫਲਾਈਟ ਨੇ ਉੱਥੇ ਲਈ ਉਡਾਨ ਭਰਨੀ ਬੰਦ ਕਰ ਦਿੱਤੀ ਹੈ।
ਨੇਪਾਲ ਤੋਂ ਆਪਣੇ ਕੂਟਨੀਤਕ ਤੇ ਨਾਗਰਿਕਾਂ ਨੂੰ ਅਮਰੀਕਾ ਨੇ ਬੁਲਾਇਆ ਵਾਪਸ, ਇਨਫੈਕਸ਼ਨ ਦੀ ਰਫ਼ਤਾਰ ਨੂੰ ਦੇਖ ਲਿਆ ਫ਼ੈਸਲਾ
ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਮਲੇਸ਼ੀਆ ਨੇ ਭਾਰਤ ਨਾਲ ਯਾਤਰਾ ’ਤੇ ਵੀ ਰੋਕ ਲਾ ਦਿੱਤੀ। ਦੱਸ ਦੇਈਏ ਕਿ ਮਹਾਮਾਰੀ ਦੀ ਸ਼ੁਰੂਆਤ 2019 ਦੇ ਆਖਿਰ ’ਚ ਚੀਨ ਦੇ ਵੁਹਾਨ ਤੋਂ ਹੋਈ ਜਿਸ ਨੇ ਦੋ-ਤਿੰਨ ਮਹੀਨਿਆਂ ਬਾਅਦ ਹੀ ਇਸ ਨੇ ਮਹਾਮਾਰੀ ਦਾ ਰੂਪ ਲੈ ਲਿਆ।