ਅਲਫਾਬੇਟ ਨੇ 32 ਬਿਲੀਅਨ ਡਾਲਰ ਵਿੱਚ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ ਖਰੀਦੀ
ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਮੰਗਲਵਾਰ (18 ਮਾਰਚ) ਨੂੰ ਇੱਕ ਵੱਡਾ ਕਾਰੋਬਾਰੀ ਫੈਸਲਾ ਲਿਆ ਹੈ। ਕੰਪਨੀ ਨੇ 32 ਬਿਲੀਅਨ ਡਾਲਰ (ਲਗਭਗ 2.7 ਲੱਖ ਕਰੋੜ ਰੁਪਏ) ਦੀ ਭਾਰੀ ਰਕਮ ਵਿੱਚ ਨਿਊਯਾਰਕ ਸਥਿਤ ਸਾਈਬਰ ਸੁਰੱਖਿਆ ਸਟਾਰਟਅੱਪ ਵਿਜ਼ ਇੰਕ ਨੂੰ ਖਰੀਦਣ ਦੀ ਘੋਸ਼ਣਾ ਕੀਤੀ ਹੈ। ਇਹ ਅਲਫਾਬੇਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਕਦ ਸੌਦਾ ਹੈ। ਇਸ ਖਰੀਦ ਦੇ ਨਾਲ, ਅਲਫਾਬੇਟ ਆਪਣੇ ਗੂਗਲ ਕਲਾਊਡ ਕਾਰੋਬਾਰ ਨੂੰ ਹੋਰ ਮਜ਼ਬੂਤ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਸਾਈਬਰ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੀ ਯੋਜਨਾ
ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਐਲਾਨ ਕਰਦੇ ਹੋਏ ਕਿਹਾ, "ਗੂਗਲ ਹਮੇਸ਼ਾ ਸਾਈਬਰ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦਾ ਆਇਆ ਹੈ। ਅੱਜ, ਕਾਰੋਬਾਰ ਅਤੇ ਸਰਕਾਰਾਂ ਪਹਿਲਾਂ ਨਾਲੋਂ ਵੱਧ ਸੁਰੱਖਿਅਤ ਕਲਾਊਡ ਹੱਲ ਅਤੇ ਮਲਟੀ-ਕਲਾਊਡ ਵਿਕਲਪ ਚਾਹੁੰਦੇ ਹਨ। ਵਿਜ਼ ਦੀ ਖਰੀਦ ਨਾਲ, ਗੂਗਲ ਕਲਾਊਡ ਅਤੇ ਵਿਜ਼ ਮਿਲ ਕੇ ਸਾਈਬਰ ਸੁਰੱਖਿਆ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣਗੇ।"
ਵਿਜ਼ ਕਿਉਂ ਖਾਸ ਹੈ?
ਵਿਜ਼ ਇੰਕ ਇੱਕ ਉਭਰਦੀ ਹੋਈ ਸਾਈਬਰ ਸੁਰੱਖਿਆ ਕੰਪਨੀ ਹੈ, ਜੋ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਸਾਲ 2023 ਵਿੱਚ, ਇਸ ਦੀ ਆਮਦਨ 500 ਮਿਲੀਅਨ ਡਾਲਰ ਸੀ, ਜੋ 2025 ਤੱਕ 1 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। 2023 ਵਿੱਚ, ਵਿਜ਼ ਨੇ 12 ਬਿਲੀਅਨ ਡਾਲਰ ਦੇ ਮੁਲਾਂਕਣ 'ਤੇ ਨਿਵੇਸ਼ ਪ੍ਰਾਪਤ ਕੀਤਾ, ਜੋ ਬਾਅਦ ਵਿੱਚ ਵਧ ਕੇ 16 ਬਿਲੀਅਨ ਡਾਲਰ (ਲਗਭਗ 1, 380 ਅਰਬ ਰੁਪਏ) ਹੋ ਗਿਆ।
ਅਲਫਾਬੇਟ ਨੇ ਵਿਜ਼ ਨੂੰ ਖਰੀਦ ਕੇ, ਆਪਣੀ ਕਲਾਊਡ ਸੁਰੱਖਿਆ ਪ੍ਰਣਾਲੀ ਨੂੰ ਹੋਰ ਵਿਸ਼ਵਾਸਯੋਗ ਅਤੇ ਤਾਕਤਵਰ ਬਣਾਉਣ ਦਾ ਮਨ ਬਣਾਇਆ ਹੈ।