ਸਿਡਨੀ : ਸਬੰਧਤ ਵਿਭਾਗਾਂ ਤੇ ਮੰਤਰੀ ਐਂਥਨੀ ਰਾਬਰਟਸ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਸਿਡਨੀ ਵਿਚਲੇ ਸਿਲਵਾਟਰ ਦੇ ਮੈਟਰੋਪਾਲਿਟਿਨ ਰਿਮਾਂਡ ਅਤੇ ਰਿਸੈਪਸ਼ੈਨ ਸੈਂਟਰ (MRRC) ਦੇ ਨਵੀਨੀਕਰਣ ਨਾਲ ਇਸ ਦੀ ਥਾਂ ਵਿੱਚ ਵਾਧਾ ਕਰ ਕੇ ਅਤੇ ਇਸਨੂੰ 440 ਬੈਡਾਂ ਨਾਲ ਲੈਸ ਕਰਕੇ ਇਸ ਵਿੱਚ 1, 540 ਕੈਦੀਆਂ (ਰਿਮਾਂਡ ਅਧੀਨ) ਰੱਖਿਆ ਜਾ ਸਕੇਗਾ ਅਤੇ ਇਸ ਵਾਸਤੇ ਰਾਜ ਸਰਕਾਰ ਨੇ ਆਪਣੇ ਪਹਿਲਾਂ ਤੋਂ ਚਲਾਏ ਜਾ ਰਹੇ ਜੇਲ੍ਹਾਂ ਆਦਿ ਦੇ ਸੁਧਾਰ ਲਈ ਖਰਚ ਕੀਤ ਜਾ ਰਹੇ 3.8 ਬਿਲੀਅਨ ਡਾਲਰਾਂ ਵਾਲੇ ਪ੍ਰਾਜੈਕਟ ਅਧੀਨ ਹੀ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਕੈਦੀਆਂ ਨੂੰ ਵੱਡੀਆਂ ਅਦਾਲਤਾਂ ਦੇ ਨਜ਼ਦੀਕ ਹੀ ਰੱਖ ਕੇ, ਰਿਮਾਂਡ ਸਮੇਂ ਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਸਕਣਗੀਆਂ ਅਤੇ ਉਨ੍ਹਾਂ ਨੂੰ ਦੂਰ ਦੁਰਾਡੇ ਖੇਤਰਾਂ ਵਿੱਚ ਲੈ ਕੇ ਜਾਣ ਦਾ ਸਮਾਂ ਅਤੇ ਊਰਜਾ ਬਚਣਗੀਆਂ ਅਤੇ ਨਾਲ ਹੀ ਉਨ੍ਹਾਂ ਨੂੰ ਲਿਆਉਣ ਲਿਜਾਉਣ ਦੇ ਖਰਚੇ ਵੀ ਘਟਣਗੇ।
ਇਸ ਵਾਧੇ ਅਧੀਨ ਹੁਣ 110 ਬੈਡਾਂ ਦੇ ਚਾਰ ਬਲਾਕ ਬਣਾਏ ਜਾਣਗੇ ਅਤੇ ਇਨ੍ਹਾਂ ਬਲਾਕਾਂ ਵਿੱਚ ਹੋਰ ਵੀ ਲੋੜੀਂਦੇ ਕਮਰੇ, ਸਿਹਤ ਸੈਂਟਰ ਆਦਿ ਦੀ ਪੂਰੀ ਸੁਵਿਧਾ ਹੋਵੇਗੀ।
ਨਿਊ ਸਾਊਥ ਵੇਲਜ਼ ਦੇ ਕਰੈਕਟਿਵ ਸੇਵਾਵਾਂ ਦੇ ਕਮਿਸ਼ਨਰ ਪੀਟਰ ਸੈਵਰੇਨ ਦਾ ਕਹਿਣਾ ਹੈ ਕਿ ਇਸ ਨਾਲ ਕਈ ਤਰ੍ਹਾਂ ਦੇ ਸਹੀਬੱਧ ਪ੍ਰੋਗਰਾਮਾਂ ਵਿੱਚ ਇਜ਼ਾਫ਼ਾ ਹੋਵੇਗਾ ਅਤੇ ਵੱਖਰੇ ਵੱਖਰੇ ਕੈਦੀਆਂ ਨੂੰ ਰਿਮਾਂਡ ਸਮੇਂ ਇੱਥੇ ਰੱਖਣ ਨਾਲ ਬਹੁਤ ਸਾਰੀਆਂ ਫਜ਼ੂਲ ਦੀਆਂ ਗਤੀਵਿਧੀਆਂ ਵਿੱਚ ਕਟੌਤੀ ਹੋਵੇਗੀ।
ਜ਼ਿਕਰਯੋਗ ਹੈ ਕਿ ਉਕਤ ਪ੍ਰਾਜੈਕਟ ਲਈ 200 ਵਾਧੂ ਦੇ ਰੌਜ਼ਗਾਰਾਂ ਬਾਰੇ ਵੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਜੋ ਕਿ ਕਰੈਕਟਿਵ ਸੇਵਾਵਾਂ, ਕੈਦੀਆਂ ਨੂੰ ਹਿਰਾਸਤ ਵਿੱਚ ਰੱਖਣ ਵਾਲੀਆਂ ਸੇਵਾਵਾਂ ਅਤੇ ਇਸ ਦੇ ਨਾਲ ਜੁੜੇ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਵਿੱਚ ਪੈਦਾ ਹੋਣਗੇ ਅਤੇ ਇਸ ਦਾ ਸਿੱਧਾ ਲਾਭ ਲੋਕਾਂ ਨੂੰ ਹੀ ਮਿਲੇਗਾ।