ਅੰਮ੍ਰਿਤਸਰ : ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਬੈਰਕਾਂ ਛਡਣ ਵਾਲੇ ਧਰਮੀ ਫ਼ੌਜੀਆਂ ਨੇ ਅੱਜ ਅਪਣੇ ਹੱਕਾਂ ਦੀ ਖ਼ਾਤਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿਤਾ ਹੈ। ਅੱਜ ਧਰਮੀ ਫ਼ੌਜੀਆਂ ਵਲੋਂ ਕਰੀਬ 20 ਧਰਮੀ ਫ਼ੌਜੀ ਅਤੇ ਉਨ੍ਹਾਂ ਨਾਲ 7 ਦੇ ਕਰੀਬ ਬੀਬੀਆਂ ਧਰਨੇ 'ਤੇ ਬੈਠੀਆਂ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਧਰਮੀ ਫ਼ੌਜੀਆਂ ਵਲੋਂ ਭਾਈ ਬਖ਼ਸ਼ੀਸ਼ ਸਿੰਘ ਕਾਦੀਆਂ ਨੇ ਕਿਹਾ ਕਿ ਧਰਮੀ ਫ਼ੌਜੀਆਂ ਨਾਲ ਸ਼੍ਰੋਮਣੀ ਕਮੇਟੀ ਨੇ ਵਾਅਦਾ ਕੀਤਾ ਸੀ ਕਿ 5 ਸਾਲ ਤਕ ਹਰ ਧਰਮੀ ਫ਼ੌਜੀ ਨੂੰ 50 ਹਜ਼ਾਰ ਰੁਪਏ ਸਾਲਾਨਾ ਦਿਤੇ ਜਾਣਗੇ। ਪਰ ਅੱਜ ਤਕ ਨਹੀਂ ਦਿਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਵਿਚ ਇਹ ਮਤਾ ਪਾਸ ਹੋਇਆ ਸੀ ਪਰ ਅੱਜ ਕਰੀਬ 5 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਫ਼ੌਜੀ ਨੂੰ ਪੈਸੇ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਧਰਮੀ ਫ਼ੌਜੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜ਼ਲੀਲ ਕਰਨ ਤਕ ਜਾਂਦੇ ਹਨ। ਕਰੀਬ 120 ਫ਼ੌਜੀਆਂ ਨੂੰ ਪੈਸੇ ਦੇਣ ਲਈ ਹਰ ਸਾਲ ਸ਼੍ਰੋਮਣੀ ਕਮੇਟੀ ਬਜਟ ਵਿਚ ਦੋ ਕਰੋੜ ਰੁਪਏ ਰਾਖਵੇਂ ਰਖਦੀ ਹੈ ਪਰ ਦਿਤੇ ਨਹੀਂ ਜਾਂਦੇ। ਧਰਮੀ ਫ਼ੌਜੀ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਇਹ ਧਰਨਾ ਹੁਣ ਉਸ ਸਮੇਂ ਹੀ ਚੁਕਿਆ ਜਾਵੇਗਾ ਜਦ ਸਾਨੂੰ ਸਾਡਾ ਬਣਦਾ ਹੱਕ ਦਿਤਾ ਜਾਵੇਗਾ। ਇਸ ਮੌਕੇ ਬੋਲਦਿਆਂ ਧਰਮੀ ਫ਼ੌਜੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦ ਉਹ ਸਜ਼ਾ ਕੱਟ ਵਾਪਸ ਆਇਆ ਸੀ ਤਾਂ ਉਸ ਨੂੰ ਸੇਵਾਦਾਰ ਦੀ ਨੌਕਰੀ ਦਿਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਪੈਸੇ ਦੇਣ ਵੇਲੇ ਸ਼੍ਰੋਮਣੀ ਕਮੇਟੀ ਆਨਾ-ਕਾਨੀ ਕਰਦੀ ਹੈ ਜਦਕਿ ਸੁਖਬੀਰ ਬਾਦਲ ਨੂੰ ਪੈਸੇ ਦੇਣ ਵੇਲੇ ਬੋਰੇ ਭਰ-ਭਰ ਕੇ ਭੇਜਦੇ ਹਨ। ਸਾਡੀ ਵਾਰ ਪੈਸੇ ਨਾ ਹੋਣ ਦੀ ਦੁਹਾਈ ਦਿਤੀ ਜਾਂਦੀ ਹੈ।