ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਅੱਗੇ ਝੁਕਦਿਆਂ ਤਹਿਰੀਕ-ਏ-ਲਬੈਕ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 12 ਅਪ੍ਰੈਲ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਸਾਦ ਹੁਸੈਨ ਰਿਜ਼ਵੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੋਮਵਾਰ ਨੂੰ ਪਾਕਿਸਤਾਨੀ ਅੰਦਰੂਨੀ ਮੰਤਰੀ ਦੀ ਕੱਟੜਪੰਥੀ ਸੰਗਠਨ ਦੇ ਨਾਲ ਹੋਈ ਗੱਲਬਾਤ ਦੇ ਬਾਅਦ ਲਿਆ ਗਿਆ। ਪੰਜਾਬ ਜੇਲ੍ਹ ਵਿਭਾਗ ਦੇ ਜਨਸੰਪਰਕ ਅਧਿਕਾਰੀ ਅਤੀਕ ਅਹਿਮਦ ਨੇ ਸਾਦ ਹੁਸੈਨ ਦੀ ਰਿਹਾਈ ਦੀ ਅੱਜ ਪੁਸ਼ਟੀ ਕੀਤੀ ਹੈ। ਰਿਹਾਅ ਹੋਣ ਦੇ ਕੁਝ ਸਮੇ ਬਾਅਦ ਰਿਜ਼ਵੀ ਲਾਹੌਰ ਦੇ ਯਤੀਮ ਖਾਨਾ ਚੌਂਕ ਗਿਆ, ਜਿੱਥੇ ਉਹ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਸਕਦਾ ਹੈ। ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਸਾਦ ਰਿਜ਼ਵੀ ਨਾਲ ਫ੍ਰਾਂਸੀਸੀ ਰਾਜਦੂਤ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦਾ ਸਮਝੌਤਾ ਕੀਤਾ ਸੀ ਪਰ ਜਦੋਂ ਸਮੇਂ ਸੀਮਾ ਪੂਰੀ ਹੋਣ ਦੇ ਬਾਅਦ ਵੀ ਇਸ ’ਤੇ ਫ਼ੈਸਲਾ ਨਹੀਂ ਲਿਆ ਗਿਆ ਉਦੋਂ ਸਾਦ ਹੁਸੈਨ ਆਪਣੇ ਸਮਰਥਕਾਂ ਨਾਲ ਸੜਕਾਂ ’ਤੇ ਉਤਰ ਆਇਆ।
ਇਥੇ ਦਸਣਯੋਗ ਹੈ ਕਿ ਖਾਦਿਮ ਹੁਸੈਨ ਰਿਜ਼ਵੀ ਦੀ ਅਚਾਨਕ ਮੌਤ ਦੇ ਬਾਅਦ ਸਾਦ ਹੁਸੈਨ ਰਿਜ਼ਵੀ ਤਹਿਰੀਕ-ਏ-ਲਬੈਕ ਪਾਕਿਸਤਾਨ ਪਾਰਟੀ ਦਾ ਨੇਤਾ ਬਣ ਗਿਆ ਸੀ। ਰਿਜ਼ਵੀ ਦੇ ਸਮਰਥਕ ਦੇਸ਼ ਦੇ ਈਸ਼ਨਿੰਦਾ ਕਾਨੂੰਨ ਨੂੰ ਰੱਦ ਨਾ ਕਰਨ ਲਈ ਸਰਕਾਰ ’ਤੇ ਦਬਾਅ ਬਣਾਉਂਦੇ ਰਹੇ ਹਨ। ਪਾਰਟੀ ਚਾਹੁੰਦੀ ਸੀ ਕਿ ਸਰਕਾਰ ਫਰਾਂਸ ਦੇ ਸਾਮਾਨ ਦਾ ਬਾਈਕਾਟ ਕਰੇ ਅਤੇ ਫਰਵਰੀ ਵਿਚ ਰਿਜ਼ਵੀ ਨੂੰ ਪਾਰਟੀ ਨਾਲ ਦਸਤਖ਼ਤ ਕੀਤੇ ਸਮਝੌਤੇ ਦੇ ਤਹਿਤ ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਬਾਹਰ ਕੱਢੇ।