ਕਿਹਾ, ਭਾਰਤੀਆਂ ਨਾਲ ਤਾਂ ਨਹੀਂ ਹੁੰਦਾ ਕੁਝ ਅਜਿਹਾ
ਇਸਲਾਮਾਬਾਦ : ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਡਾਕਟਰ ਸ਼ਿਰੀਨ ਮਾਜਰੀ ਬ੍ਰਿਟੇਨ ’ਤੇ ਇਸ ਹੱਦ ਤਕ ਭੜਕੀ ਹੋਈ ਹੈ ਕਿ ਉਨ੍ਹਾਂ ਨੇ ਇਸ ’ਚ ਭਾਰਤ ਨੂੰ ਵੀ ਸ਼ਾਮਲ ਕਰ ਲਿਆ ਹੈ। ਅਸਲ ’ਚ ਉਨ੍ਹਾਂ ਦੇ ਭੜਕਨ ਦਾ ਕਾਰਨ ਬ੍ਰਿਟੇਨ ਦੁਆਰਾ ਪਾਕਿਸਤਾਨ ਨੂੰ ਰੈੱਡ ਲਿਸਟ ’ਚ ਪਾਉਣਾ ਹੈ। ਇਸ ਤਹਿਤ ਬ੍ਰਿਟੇਨ ਨੇ ਪਾਕਿਸਤਾਨ ਤੋਂ ਆਉਣ ਵਾਲਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀਆਂ ਲਈ ਕੋਰੋਨਾ ਦੇ ਲੱਛਣ ਆਉਣ ’ਤੇ ਉਨ੍ਹਾਂ ਨੂੰ ਬ੍ਰਿਟੇਨ ਨੇ ਕੁਆਰਨਟਾਈਨ ਕਰਨਾ ਲਾਜ਼ਮੀ ਦਸਿਆ ਹੈ ਜਦਕਿ ਇਹ ਕਾਨੂੰਨ ਭਾਰਤੀਆਂ ’ਤੇ ਲਾਗੂ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਕ ਪਾਕਿਸਤਾਨੀ ਨਾਗਰਿਕ ਨੇ ਟਵੀਟ ਦੁਆਰਾ ਇਹ ਜਾਣਕਾਰੀ ਦਿਤੀ ਸੀ ਕਿ ਉਨ੍ਹਾਂ ਨੂੰ ਬ੍ਰਿਟੇਨ ’ਚ ਕੁਆਰਨਟਾਈਨ ਲਈ 1750 ਪਾਊਂਡ ਪ੍ਰਤੀ ਵਿਅਕਤੀ ਖਰਚ ਕਰਨਾ ਪੈ ਰਿਹਾ ਹੈ। ਇਸਦੇ ਜਵਾਬ ’ਚ ਮਾਜਰੀ ਨੇ ਟਵੀਟ ਕੀਤਾ ਕਿ ਇਹ ਪੂਰੀ ਤਰ੍ਹਾਂ ਨਜਾਇਜ਼ ਹੈ। ਇਹ ਕਾਨੂੰਨ ਸਿਰਫ਼ ਉਨ੍ਹਾਂ ਲੋਕਾਂ ’ਤੇ ਹੀ ਕਿਉਂ ਲਾਗੂ ਕੀਤੇ ਹਨ ਜੋ ਪਾਕਿਸਤਾਨੀ ਜਪਾਂ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਹਨ। ਇਹ ਕਾਨੂੰਨ ਭਾਰਤੀਆਂ ’ਤੇ ਲਾਗੂ ਨਹੀਂ ਹੋ ਰਿਹਾ, ਜਿਥੇ ਸਭ ਤੋਂ ਵਧ ਮਾਮਲੇ ਹਨ। ਆਪਣੇ ਟਵੀਟ ’ਚ ਉਨ੍ਹਾਂ ਨੇ ਲਿਖਿਆ ਕਿ ਇਹ ਬ੍ਰਿਟੇਨ ਦੇ ਪਾਕਿਸਤਾਨੀਆਂ ਪ੍ਰਤੀ ਭੇਦ-ਭਾਵ ਜਿਹੇ ਵਰਤਾਰੇ ਨੂੰ ਦਰਸਾਉਂਦਾ ਹੈ। ਆਪਣੇ ਟਵੀਟ ’ਚ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕ ਦਾ ਵੀ ਵੀਡੀਓ ਸਾਂਝਾ ਕੀਤਾ ਹੈ, ਜਿਸਦੇ ਟਵੀਟ ’ਚ ਉਨ੍ਹਾਂ ਨੇ ਜਵਾਬ ਦਿੱਤਾ ਸੀ। ਇਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ ਤੇ ਛੋਟੇ ਬੱਚਿਆਂ ਨੂੰ ਜੋ ਖਾਣਾ ਮਿਲ ਰਿਹਾ ਹੈ ਉਹ ਬਹੁਤ ਠੰਢਾ ਹੈ।
ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਬ੍ਰਿਟੇਨ ਦੇ ਹਾਈ ਕਮਿਸ਼ਨਰ ਕ੍ਰਿਸਟੀਅਨ ਟਰਨਰ ਨੇ ਕਿਹਾ ਸੀ ਕਿ ਬ੍ਰਿਟੇਨ ਨੇ ਕੋਵਿਡ ਮਹਾਮਾਰੀ ਦੇ ਮਦੇਨਜ਼ਰ ਪਾਕਿਸਤਾਨ ਤੋਂ ਆਉਣ ਵਾਲੇ ਨਾਗਰਿਕਾਂ ’ਤੇ ਪਾਬੰਦੀ ਲਗਾਈ ਗਈ ਹੈ। ਜਿਸਦੇ ਚੱਲਦੇ ਪਾਕਿਸਤਾਨ ਨੂੰ ਰੈੱਡ ਲਿਸਟ ’ਚ ਪਾਇਆ ਗਿਆ ਹੈ, ਜਿਸ ’ਚ ਪਹਿਲਾਂ ਤੋਂ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਆਦੇਸ਼ ਦੇ ਨਾਲ ਹੀ ਪਾਕਿਸਤਾਨ ਤੋਂ ਸਿਰਫ਼ ਆਈਰਿਸ਼ ਤੇ ਬ੍ਰਿਟਿਸ਼ ਮੂਲ ਦੇ ਨਾਗਰਿਕ ਹੀ ਬ੍ਰਿਟੇਨ ਜਾ ਸਕਦੇ ਹਨ। ਹਾਲਾਂਕਿ ਬ੍ਰਿਟੇਨ ਨੇ ਪਾਕਿਸਤਾਨ ਤੋਂ ਜਾਣ ਵਾਲੀ ਸਿੱਧੀ ਉਡਾਨ ਨੂੰ ਰੱਦ ਨਹੀਂ ਕੀਤਾ ਸੀ। ਬ੍ਰਿਟੇਨ ਦੇ ਆਦੇਸ਼ ਦਾ ਕਈ ਪਾਕਿਸਤਾਨੀ ਨਾਗਰਿਕਾਂ ਨੇ ਵਿਰੋਧ ਕੀਤਾ।