ਆਸਟ੍ਰੇਲੀਆਈ ਫ਼ੌਜ ਨੇ ਸ਼ੁਰੂ ਕੀਤੀ ਯੁੱਧ ਦੀ ਤਿਆਰੀ
ਸਿਡਨੀ (ਏਜੰਸੀ): ਆਸਟ੍ਰੇਲੀਆ ਦੀ ਫ਼ੌਜ ਅੱਜ ਕਲ ਯੁੱਧ ਦੀ ਤਿਆਰੀ ਵਿਚ ਲੱਗੀ ਹੋਈ ਹੈ ਕਿਉਂਕਿ ਉਸ ਨੂੰ ਖ਼ਬਰ ਮਿਲੀ ਹੈ ਕਿ ਚੀਨ ਤਾਇਵਾਨ ’ਤੇ ਹਮਲਾ ਕਰ ਸਕਦਾ ਹੈ। ਸੂਤਰਾਂ ਮੁਤਾਬਕ ਆਸਟ੍ਰੇਲੀਆ ਦੀ ਫ਼ੌਜ ਚੀਨ ਨਾਲ ਯੁੱਧ ਲਈ ਰਣਨੀਤੀ ਬਣਾ ਰਹੀ ਹੈ। ਫ਼ੌਜੀ ਅਧਿਕਾਰੀ ਉਸ ਸਥਿਤੀ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ ਜਿਸ ਦੇ ਤਹਿਤ ਯੁੱਧ ਹੋਣ ਦੀ ਸਥਿਤੀ ਵਿਚ ਕੋਲਿਨਸ ਸ਼੍ਰੇਣੀ ਦੀ ਪਣਡੁੱਬੀ ਅਤੇ ਸੁਪਰ ਹਾਰਨੇਟ ਫ਼ਾਈਟਰ ਜੈੱਟ ਨੂੰ ਅਮਰੀਕੀ ਫ਼ੌਜ ਅਤੇ ਹੋਰ ਸਾਥੀ ਦੇਸ਼ਾਂ ਦੀ ਮਦਦ ਲਈ ਤਾਇਵਾਨ ਸਟ੍ਰੇਟ ਵਿਚ ਭੇਜਿਆ ਜਾ ਸਕੇ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਲਗਾਤਾਰ ਵਧਦੇ ਤਣਾਅ ਵਿਚ ਆਸਟ੍ਰੇਲੀਆ ਅਤੇ ਹੋਰ ਕਵਾਡ ਦੇਸ਼ਾਂ-ਜਾਪਾਨ, ਭਾਰਤ ਅਤੇ ਅਮਰੀਕਾ ’ਤੇ ਦਬਾਅ ਵੱਧ ਰਿਹਾ ਹੈ ਕਿ ਉਹ ਚੀਨੀ ਡ੍ਰੈਗਨ ਦੀ ਸੈਨਾ ’ਤੇ ਲਗਾਮ ਲਗਾਏ। ਹਾਲ ਹੀ ਦੇ ਦਿਨਾਂ ਵਿਚ ਚੀਨੀ ਸੈਨਾ ਪੂਰੇ ਇਲਾਕੇ ਵਿਚ ਬਹੁਤ ਹਮਲਾਵਰ ਹੋ ਗਈ ਹੈ। ਉਸ ਨੇ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਅਤੇ ਉਇਗਰਾਂ ਨੂੰ ਕੁਚਲ ਦਿਤਾ ਹੈ। ਹੁਣ ਇਹ ਡਰ ਪ੍ਰਗਟਾਇਆ ਜਾ ਰਿਹਾ ਹੈ ਕਿ ਚੀਨ ਤਾਇਵਾਨ ’ਤੇ ਅਪਣੀ ਮਿਲਟਰੀ ਤਾਕਤ ਦੀ ਵਰਤੋਂ ਕਰ ਸਕਦਾ ਹੈ ਤਾਂ ਜੋ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨ ਕਾਲ ਵਿਚ ਤਾਇਵਾਨ ਦਾ ਚੀਨ ਨਾਲ ਏਕੀਕਰਨ ਕੀਤਾ ਜਾ ਸਕੇ।
ਦਸਣਾ ਬਣਦਾ ਹੈ ਕਿ ਚੀਨ ਨੇ ਇਸ ਹਫ਼ਤੇ ਹੀ ਅਪਣੇ 25 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਤਾਇਵਾਨ ਦੇ ਇਲਾਕੇ ਵਿਚ ਭੇਜਿਆ ਸੀ। ਤਾਇਵਾਨ ਅਤੇ ਅਮਰੀਕਾ ਵਿਚਾਲੇ ਵਧਦੇ ਰੱਖਿਆ ਸਬੰਧਾਂ ਨਾਲ ਗੁੱਸੇ ਵਿਚ ਆਏ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਅਪਣੀਆਂ ਫ਼ੌਜੀ ਮੁਹਿੰਮਾਂ ਦੀ ਗਿਣਤੀ ਵਧਾ ਦਿਤੀ ਹੈ। ਲਗਭਗ ਰੋਜ਼ ਚੀਨ ਦੇ ਲੜਾਕੂ ਜਹਾਜ਼ ਜਾਣਬੁੱਝ ਕੇ ਤਾਇਵਾਨੀ ਹਵਾਈ ਸੀਮਾ ਵਿਚ ਘੁਸਪੈਂਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਚੀਨ ਤਾਇਵਾਨ ਨੂੰ ਅਪਣਾ ਅਟੁੱਟ ਹਿੱਸਾ ਮੰਨਦਾ ਹੈ। ਚੀਨ ਦੀ ਕਮਿਊਨਿਸਟ ਪਾਰਟੀ ਗ੍ਰਹਿ ਯੁੱਧ ਦੇ ਖ਼ਤਮ ਹੋਣ ਦੇ 7 ਦਹਾਕੇ ਬਾਅਦ ਵੀ ਤਾਇਵਾਨ ਨੂੰ ਅਪਣੀ ਜ਼ਮੀਨ ਦਾ ਹਿੱਸਾ ਦਸਦਾ ਹੈ। ਇਹ ਗੱਲ ਵਖਰੀ ਹੈ ਕਿ ਤਾਇਵਾਨ ’ਤੇ ਅੱਜ ਤਕ ਚੀਨ ਦਾ ਸਿੱਧੇ ਤੌਰ ’ਤੇ ਕਦੇ ਸ਼ਾਸਨ ਨਹੀਂ ਰਿਹਾ ਹੈ। ਚੀਨੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀ ਕਈ ਵਾਰ ਤਾਇਵਾਨ ’ਤੇ ਹਮਲਾ ਕਰਨ ਦੀ ਧਮਕੀ ਦੇ ਚੁੱਕੇ ਹਨ। ਪਿਛਲੇ ਸਾਲ ਦੇ ਅਖ਼ੀਰ ਵਿਚ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਥੋਂ ਤਕ ਕਹਿ ਦਿਤਾ ਸੀ ਕਿ ਤਾਇਵਾਨ ਦੀ ਆਜ਼ਾਦੀ ਦਾ ਮਤਲਬ ਹੀ ਜੰਗ ਦਾ ਐਲਾਨ ਹੋਵੇਗਾ।