ਵਾਸ਼ਿੰਗਟਨ, 16 ਅਪ੍ਰੈਲ : ਅਮਰੀਕਾ ਵੱਲੋਂ ਚੋਣਾਂ ’ਚ ਦਖਲਅੰਦਾਜ਼ੀ ਤੇ ਹੈਕਿੰਗ ਨੂੰ ਲੈ ਕੇ ਜਵਾਬੀ ਕਾਰਵਾਈ ਕਰਨ ਦੇ ਹੋਏ ਰੂਸ ਖ਼ਿਲਾਫ਼ ਪਹਿਲੀ ਵਾਰ ਰੋਕ ਲਾਉਣ ਦੀ ਕਾਰਵਾਈ ਕੀਤੀ ਗਈ ਹੈ। ਹੁਣ ਜੋ ਬਾਇਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਸ ਨੂੰ ਬਰਖਾਸਤ ਤੇ ਰੂਸ ਦੇ ਕਰੀਬ ਤਿੰਨ ਦਰਜਨ ਲੋਕਾਂ ਤੇ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ। ਅਮਰੀਕਾ ਨੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਕਰਨ ਤੇ ਸੰਘੀ ਏਸੰਜੀਆਂ ’ਚ ਚੋਰੀ ਕਰਨ ਲਈ ਰੂਸ ਨੂੰ ਜਵਾਬਦੇਹੀ ਠਹਿਰਾਉਣ ਦੀ ਦਿਸ਼ਾ ’ਚ ਕਾਰਵਾਈ ਕੀਤੀ ਹੈ।
ਮੰਨਿਆ ਜਾਂਦਾ ਹੈ ਕਿ ਰੂਸੀ ਹੈਕਰਾਂ ਨੇ ਵਿਆਪਕ ਰੂਪ ਨਾਲ ਇਸਤੇਮਾਲ ਹੋਣ ਵਾਲੇ ਸਾਫਟਵੇਅਰ ’ਚ ਚੋਰੀ ਕੀਤੀ ਸੀ ਤਾਂ ਜੋ ਉਹ ਘੱਟ ਤੋਂ ਘੱਟ 9 ਏਜੰਸੀਆਂ ਦੇ ਨੈੱਟਵਰਕਾਂ ਨੂੰ ਹੈਕ ਕਰ ਸਕੇ ਤੇ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਦੀ ਗੁਪਤ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਲਈ ਇਕ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਜੋ ਟਰੰਪ ਦੁਬਾਰਾ ਰਾਸ਼ਟਰਪਤੀ ਬਣ ਸਕਣ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੂਸ ਜਾਂ ਕਿਸੇ ਹੋਰ ਨੇ ਵੋਟਾਂ ’ਚ ਜਾਂ ਨਤੀਜਿਆਂ ’ਚ ਹੈਰਾਫੇਰੀ ਕੀਤੀ।
ਵੀਰਵਾਰ ਨੂੰ ਐਲਾਨੀਆਂ ਰੋਕਾਂ ’ਚ ਛੇ ਰੂਸੀ ਕੰਪਨੀਆਂ ਸ਼ਾਮਲ ਹਨ, ਜੋ ਦੇਸ਼ ਦੀਆਂ ਸਾਈਬਰ ਸਰਗਰਮੀਆਂ ’ਚ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰਨ ਤੇ ਗਲਤ ਪ੍ਰਚਾਰ ਕਰਨ ਦੇ ਦੋਸ਼ਾਂ ’ਚ 32 ਲੋਕਾਂ ਤੇ ਸੰਸਥਾਵਾਂ ’ਤੇ ਰੋਕ ਲਗਾਈ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਜਿਨ੍ਹਾਂ 10 ਡਿਪਲੋਮੈਟਸ ਨੂੰ ਕੱਢਿਆ ਗਿਆ ਹੈ, ਉਨ੍ਹਾਂ ’ਚ ਰੂਸੀ ਖੂਫੀਆ ਸੇਵਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ।