ਉਟਵਾ (ਏਜੰਸੀਆ) : ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ ’ਤੇ ਪਈ ਸੀ, ਕਿਉਂਕਿ ਲੌਕਡਾਊਨ ਹੋਣ ਕਾਰਨ ਲਗਭਗ ਸਾਰੇ ਮੁਲਕਾਂ ਨੇ ਹਵਾਈ ਯਾਤਰਾ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ। ਕੈਨੇਡਾ ਦੀਆਂ ਸਭ ਤੋਂ ਵੱਡੀਆਂ ਹਵਾਈ ਕੰਪਨੀਆਂ ਵਿੱਚੋਂ ਇੱਕ ‘ਏਅਰ ਕੈਨੇਡਾ’ ਵੀ ਮਹਾਂਮਾਰੀ ਦੀ ਇਸ ਮਾਰ ਤੋਂ ਨਹੀਂ ਬਚ ਸਕੀ ਤੇ ਉਸ ਦਾ ਕਾਰੋਬਾਰ ਲੀਹ ਤੋਂ ਉਤਰ ਗਿਆ, ਪਰ ਹੁਣ ਇਸ ਕੰਪਨੀ ਨੂੰ ਸਹਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਕੰਪਨੀ ਨੂੰ ਆਰਥਿਕ ਘਾਟੇ ’ਚੋਂ ਬਾਹਰ ਕੱਢਣ ਲਈ ਕੈਨੇਡਾ ਦੀ ਲਿਬਰਲ ਸਰਕਾਰ ਨੇ 5.9 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਸਮਝੌਤਾ ਕੀਤਾ ਹੈ।
ਔਟਵਾ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਕਿਹਾ ਕਿ ਫੈਡਰਲ ਸਰਕਾਰ ਏਅਰ ਕੈਨੇਡਾ ਨੂੰ ‘ਲਾਰਜ ਐਂਪਲਾਇਰ ਐਮਰਜੰਸੀ ਫਾਇਨੈਂਸ਼ੀਅਲ ਫੈਸਲਿਟੀ’ ਪ੍ਰੋਗਰਾਮ ਰਾਹੀਂ 5.9 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੀਆਂ ਉਨ੍ਹਾਂ ਵੰਡੀਆਂ ਕੰਪਨੀਆਂ ਜਾਂ ਰੋਜ਼ਗਾਰਦਾਤਾ ਦੀ ਮਦਦ ਕਰਨਾ ਹੈ, ਜਿਹੜੇ ਕੋਵਿਡ-19 ਮਹਾਂਮਾਰੀ ਕਾਰਨ ਘਾਟੇ ਵਿੱਚ ਚਲੇ ਗਏ ਹਨ।