ਮਨੀਲਾ, 7 ਅਪ੍ਰੈਲ : ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੁਨੀਆ ਦੇ ਕਈ ਦੇਸ਼ਾਂ ‘ਚ ਲੌਕਡਾਊਨ ਅਤੇ ਨਾਈਟ ਕਰਫ਼ਿਊ ਜਿਹੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜ਼ਾ ਦਿੱਤੀ ਜਾ ਰਹੀ ਹੈ। ਫ਼ਿਲੀਪੀਨਜ਼ ‘ਚ ਇਕ ਵਿਅਕਤੀ ਨੂੰ ਨਾਈਟ ਕਰਫ਼ਿਊ ਤੋੜ ਕੇ ਦੁਕਾਨ ‘ਚ ਪਾਣੀ ਖਰੀਦਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਪੁਲਿਸ ਨੇ ਉਸ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਕਿ ਅਗਲੇ ਦਿਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਨੇੜੇ ਜਨਰਲ ਟ੍ਰਿਆਸ ਸਿਟੀ ‘ਚ 3 ਅਪ੍ਰੈਲ ਨੂੰ 28 ਸਾਲਾ ਡੈਰੇਨ ਮੈਨਾਓਗ ਪੇਨਾਰੇਡੋਂਡੋ ਦੀ ਮੌਤ ਹੋ ਗਈ ਸੀ। ਉਸ ਨੂੰ ਦੋ ਦਿਨ ਪਹਿਲਾਂ ਪੁਲਿਸ ਨੇ ਸਥਾਨਕ ਦੁਕਾਨ ‘ਚੋਂ ਪਾਣੀ ਦੀ ਬੋਤਲ ਖਰੀਦਣ ਸਮੇਂ ਸ਼ਾਮ 6 ਵਜੇ ਤੋਂ ਬਾਅਦ ਲਗਾਏ ਗਏ ਕਰਫਿਊ ਦੌਰਾਨ ਫੜ ਲਿਆ ਸੀ।
ਡੇਰੇਨ ਦੀ ਸਾਥੀ ਰੇਚੇਲਿਨ ਬੈਲੇਸ ਨੇ ਕਿਹਾ ਕਿ ਪੇਨਾਰੇਡੋਂਡੋ ਅਤੇ ਕਰਫਿਊ ਤੋੜਨ ਵਾਲੇ ਕੁਝ ਹੋਰ ਲੋਕਾਂ ਨੂੰ 100 ਵਾਰ ਡੰਡ-ਬੈਠਕਾਂ ਕੱਢਣ ਲਈ ਕਿਹਾ ਗਿਆ। ਪਰ ਜੇ ਉਨ੍ਹਾਂ ਦਾ ਤਾਲਮੇਲ ਵਿਗੜਦਾ ਸੀ ਤਾਂ ਗਿਣਤੀ ਦੁਬਾਰਾ ਸ਼ੁਰੂ ਕੀਤੀ ਜਾਂਦੀ ਸੀ। ਡੈਰੇਨ ਨੂੰ ਲਗਭਗ 300 ਵਾਰ ਡੰਡ-ਬੈਠਕਾਂ ਕੱਢਣੀਆਂ ਪਈਆਂ ਅਤੇ ਅਗਲੀ ਸਵੇਰ ਜਦੋਂ ਉਹ ਘਰ ਪਰਤਿਆ ਤਾਂ ਤੁਰਨ ਲਾਇਕ ਨਾ ਰਿਹਾ। ਉਹ ਸਾਰਾ ਦਿਨ ਖੜਾ ਨਾ ਹੋ ਸਕਿਆ ਅਤੇ ਜ਼ਮੀਨ ‘ਤੇ ਖਿਸਕਦਾ ਰਿਹਾ। ਉਸ ਦੀਆਂ ਲੱਤਾਂ ਤੇ ਗੋਡਿਆਂ ‘ਚ ਅਸਹਿ ਦਰਦ ਸੀ। ਬਾਥਰੂਮ ਦੀ ਵਰਤੋਂ ਕਰਦਿਆਂ ਉਸ ਨੂੰ ਦੌਰੇ ਪੈਣ ਲੱਗੇ। ਇਸ ਦੌਰਾਨ ਉਸ ਦੀ ਮੌਤ ਹੋ ਗਈ।