ਮੁੰਬਈ ਹਮਲੇ ਦੇ ਮਾਸਟਰ ਮਾਈਂਡ ਦੇ ਪੰਜ ਗੁਰਗਿਆਂ ਨੂੰ 9 ਸਾਲ ਦੀ ਕੈਦ
ਲਾਹੌਰ (ਏਜੰਸੀਆਂ) : ਪਾਕਿਸਤਾਨ ਨੇ ਫ਼ਾਈਨਾਂਸ ਐਕਸ਼ਨ ਟਾਸਕ ਫ਼ੋਰਸ (ਐਫ਼ਏਟੀਐਫ਼) ਦੀ ਕਾਲੀ ਸੂਚੀ ’ਚ ਜਾਣ ਤੋਂ ਬਚਣ ਲਈ ਲਸ਼ਕਰ ਸੰਸਥਾਪਕ ਹਾਫ਼ਿਜ਼ ਸਈਦ ’ਤੇ ਮਜਬੂਰੀ ’ਚ ਸ਼ਿਕੰਜਾ ਕਸਿਆ ਹੈ। ਪਾਕਿ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫ਼ਿਜ਼ ਸਈਦ ’ਤੇ ਸਿੱਧੀ ਕਾਰਵਾਈ ਦੀ ਬਜਾਏ ਉਸ ਦੇ ਪੰਜ ਗੁਰਗਿਆਂ ਨੂੰ ਘੇਰੇ ’ਚ ਲਿਆ ਹੈ। ਇਨ੍ਹਾਂ ਸਾਰਿਆਂ ਨੂੰ ਅਤਿਵਾਦੀ ਅਦਾਲਤ ਨੇ ਅਤਿਵਾਦ ਫ਼ੰਡਿੰਗ ਕੇਸ ’ਚ ਨੌਂ-ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਵੀ ਹੁਕਮ ਦਿਤੇ ਹਨ।
ਅਦਾਲਤ ਨੇ ਜਿਨ੍ਹਾਂ ਅਤਿਵਾਦੀਆਂ ਵਿਰੁਧ ਕਾਰਵਾਈ ਕੀਤੀ ਹੈ, ਉਨ੍ਹਾਂ ’ਚੋਂ ਤਿੰਨ ਉਮਰ ਬਹਾਦੁਰ, ਨਸੀਰੁੱਲ੍ਹਾ ਹਨ। ਕਾਰਵਾਈ ਦੀ ਪਹਿਲ ਪੰਜਾਬ ਸੂਬੇ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਕੀਤੀ ਸੀ। ਜਿਨ੍ਹਾਂ ਹੋਰ ਦੋ ਲੋਕਾਂ ’ਤੇ ਕਾਰਵਾਈ ਕੀਤੀ ਹੈ, ਉਨ੍ਹਾਂ ’ਚ ਜਮਾਤ ਉਦ ਦਾਅਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਤੇ ਪ੍ਰਮੁੱਖ ਨੇਤਾ ਪ੍ਰੋਫ਼ੈਸਰ ਜਫ਼ਰ ਇਕਬਾਲ ਹਨ। ਇਨ੍ਹਾਂ ’ਤੇ ਪਹਿਲਾਂ ਵੀ ਅਤਿਵਾਦੀ ਫ਼ੰਡਿੰਗ ਦਾ ਕੇਸ ਚੱਲ ਚੁੱਕਿਆ ਹੈ। ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਏਜਾਜ਼ ਅਹਿਮਦ ਬਟਰ ਨੇ ਇਨ੍ਹਾਂ ਸਾਰੇ ਪੰਜਾਂ ਅਤਿਵਾਦੀਆਂ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਮਾਮਲੇ ’ਚ ਹਾਫਿਜ਼ ਸਈਦ ਦੇ ਸਾਲੇ ਹਾਫਿਜ਼ ਅਬਦੁਲ ਰਿਹਮਾਨ ਮੱਕੀ ਨੂੰ ਛੇ ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਅਤਿਵਾਦੀ ਫ਼ੰਡਿੰਗ ਦਾ ਦੋਸ਼ੀ ਮੰਨਿਆ ਹੈ। ਇਹ ਸਾਰੇ ਗ਼ੈਰ ਕਾਨੂੰਨੀ ਤੌਰ ’ਤੇ ਅਤਿਵਾਦੀ ਸਰਗਰਮੀਆਂ ਲਈ ਫ਼ੰਡ ਇਕੱਠਾ ਕਰਦੇ ਸਨ ਤੇ ਪਾਬੰਦੀਸ਼ੁਦਾ ਸੰਗਠਨਾਂ ਦੀ ਮਦਦ ਕਰ ਰਹੇ ਸਨ। ਅਦਾਲਤ ਨੇ ਇਨ੍ਹਾਂ ਸਾਰਿਆਂ ਦੀ ਫ਼ੰਡਿੰਗ ਨਾਲ ਬਣਾਈ ਗਈ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਕੇਸ ਦੀ ਸੁਣਵਾਈ ਦੌਰਾਨ ਸਾਰੇ ਅਤਿਵਾਦੀਆਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਮੀਡੀਆ ਦੇ ਮੌਜੂਦ ਰਹਿਣ ’ਤੇ ਪਾਬੰਦੀ ਸੀ। ਪੰਜਾਬ ਪੁੁਲਿਸ ਨੇ ਹਾਫ਼ਿਜ਼ ਸਈਦ ਸਮੇਤ ਇਨ੍ਹਾਂ ਸਾਰੇ ਅਤਿਵਾਦੀਆਂ ਵਿਰੁਧ ਕਰੀਬ 41 ਐਫ਼ਆਈਆਰਜ਼ ਦਰਜ ਕੀਤੀਆਂ ਹੋਈਆਂ ਹਨ।