ਕਾਬੁਲ, (ਏਜੰਸੀ) : ਅਫ਼ਗ਼ਾਨਿਸਤਾਨ ’ਚ ਤਾਲਿਬਾਨ ਅਤਿਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ’ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ’ਚ ਸੌ ਤੋਂ ਵੱਧ ਅੱਤਵਾਦੀ ਮਾਰੇ ਗਏ। ਇਕ ਉੱਚ ਪੁਲਿਸ ਅਧਿਕਾਰੀ ਮੁਤਾਬਕ ਲੜਾਕੂ ਜਹਾਜ਼ਾਂ ਰਾਹੀਂ ਇਹ ਹਮਲੇ ਬੀਤੀ ਰਾਤ ਨੂੰ ਕੀਤੇ ਗਏ। ਹਮਲੇ ’ਚ ਮਾਰੇ ਗਏ ਅਤਿਵਾਦੀਆਂ ’ਚ ਤਾਲਿਬਾਨੀ ਕਮਾਂਡਰ ਸਰਹੱਦੀ ਵੀ ਮਾਰਿਆ ਗਿਆ। ਇਸ ਦੇ ਨਾਲ ਹੀ ਇਨ੍ਹਾਂ ਅਤਿਵਾਦੀਆਂ ਦੇ ਦੋ ਟੈਂਕ ਤੇ ਕਈ ਵਾਹਨ ਵੀ ਨਸ਼ਟ ਕਰ ਦਿਤੇ ਗਏ। ਹਮਲੇ ’ਚ ਸੁਰੱਖਿਆ ਬਲ ਦੇ ਕਿਸੇ ਵੀ ਵੀ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਹਮਲੇ ਬਾਰੇ ਤਾਲਿਬਾਨ ਦੇ ਬੁਲਾਰੇ ਨੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਕੁਨਾਰ ਸੂਬੇ ਦੇ ਛਾਪਾ ਦਾਰਾ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਸੰਘਰਸ਼ ’ਚ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਸੰਘਰਸ਼ ’ਚ 28 ਤਾਲਿਬਾਨੀ ਅਤਿਵਾਦੀ ਮਾਰੇ ਗਏ। ਇਥੇ ਸੁਰੱਖਿਆ ਬਲਾਂ ਦੇ ਤਿੰਨ ਮੈਂਬਰ ਤੇ ਸੱਤ ਅਤਿਵਾਦੀ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਅਤਿਵਾਦੀਆਂ ’ਤੇ ਜ਼ੋਰਦਾਰ ਹਮਲਾ ਕੀਤਾ। ਹਿੰਸਾ ਦੀਆਂ ਹੋਰ ਘਟਨਾਵਾਂ ’ਚ 25 ਤੋਂ ਵੱਧ ਲੋਕ ਮਾਰੇ ਗਏ ਹਨ।
ਅਫ਼ਗ਼ਾਨੀ ਸੁਰੱਖਿਆ ਬਲਾਂ ਨੇ ਤਾਜ਼ਾ ਹਮਲੇ ’ਚ ਤਾਲਿਬਾਨ ਨੂੰ ਸੱਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਕਾਬਿਲੇਗੌਰ ਹੈ ਕਿ ਅਫ਼ਗ਼ਾਨਿਸਤਾਨ ’ਚ ਸਥਾਈ ਸ਼ਾਂਤੀ ਲਈ ਲਗਾਤਾਰ ਅਮਰੀਕਾ ਕਈ ਦੇਸ਼ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦੀ ਕਤਰ ਤੋਂ ਬਾਅਦ ਹੋਰਨਾਂ ਦੇਸ਼ਾਂ ’ਚ ਵੀ ਤਾਲਿਬਾਨੀ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਤੋਂ ਬਾਅਦ ਵੀ ਅਜੇ ਹਿੰਸਾ ’ਚ ਕੋਈ ਕਮੀ ਨਹੀਂ ਹੋਈ। ਤਾਲਿਬਾਨ ਬਾਰੇ ਅਮਰੀਕਾ ਦੀ ਚਿੰਤਾ ਵੱਧ ਗਈ ਹੈ।