ਨਿਕੋਸੀਆ (ਏਜੰਸੀਆਂ) : ਸਾਈਪ੍ਰਸ ਦੀ ਇਕ ਲਾੜੀ ਨੇ ਵਿਆਹ ਦੌਰਾਨ ਅਜਿਹੀ ਡਰੈੱਸ ਪਹਿਨੀ ਕਿ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ। ਮਾਰੀਆ ਪਰਸਕੇਵਾ ਨਾਮ ਦੀ ਇਸ ਮਹਿਲਾ ਨੇ ਆਪਣੇ ਵਿਆਹ ਸਮੇਂ ਕਰੀਬ 7 ਕਿਲੋਮੀਟਰ ਲੰਬਾ ਘੁੰਡ ਕੱਢਿਆ, ਜਿਸ ਨੂੰ ਇਕ ਮੈਦਾਨ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਵਿਛਾਇਆ ਗਿਆ ਸੀ। ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਵਿਚ ਵਿਆਹ ਦੌਰਾਨ ਲਾੜੀ ਸਫੇਦ ਰੰਗ ਦੀ ਖੂਬਸੂਰਤ ਡਰੈੱਸ ਪਾਉਂਦੀ ਹੈ। ਮਾਰੀਆ ਪਰਸਕੇਵਾ ਨੇ ਵੀ ਆਪਣੇ ਵਿਆਹ ਦੌਰਾਨ ਅਜਿਹੀ ਹੀ ਇਕ ਸਫੇਦ ਰਵਾਇਤੀ ਡਰੈੱਸ ਪਾਈ ਪਰ ਉਸ ਵਿਚ ਲੱਗਾ ਘੁੰਡ ਅੱਜ ਤੱਕ ਕਿਸ ਵੀ ਵਿਆਹ ਵਿਚ ਵਰਤੇ ਗਏ ਸਭ ਤੋਂ ਵੱਡੇ ਘੁੰਡ ਦਾ ਖਿਤਾਬ ਆਪਣੇ ਨਾਮ ਕਰ ਗਿਆ। ਇਸ ਘੁੰਡ ਦੀ ਲੰਬਾਈ 6962.6 ਮੀਟਰ ਸੀ, ਜਿਸ ਨੇ ਉਸ ਮੈਦਾਨ ਨੂੰ ਪੂਰੀ ਤਰ੍ਹਾਂ ਢੱਕ ਲਿਆ, ਜਿਸ ਵਿਚ ਲਾੜੀ ਦਾ ਵਿਆਹ ਸਮਾਹੋਰ ਆਯੋਜਿਤ ਕੀਤਾ ਗਿਆ ਸੀ।
ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਸ ਵਿਆਹ ਦੀ ਇਕ ਕਲਿਪ ਸ਼ੇਅਰ ਕੀਤੀ ਹੈ। ਉਸ ਮੁਤਾਬਕ, ਇਸ ਘੁੰਡ ਨੂੰ ਰੱਖਣ ਅਤੇ ਉਸ ਨੂੰ ਵਿਆਹ ਵਾਲੀ ਜਗ੍ਹਾ 'ਤੇ ਵਿਛਾਉਣ ਵਿਚ ਲੱਗਭਗ 30 ਲੋਕਾਂ ਨੂੰ 6 ਘੰਟੇ ਦਾ ਸਮਾਂ ਲੱਗਾ। ਮਹਿਲਾ ਨੇ ਰਿਕਾਰਡ ਕਾਇਮ ਕਰਨ ਦੇ ਬਾਅਦ ਗਿਨੀਜ਼ ਬੁੱਕ ਨਾਲ ਗੱਲਬਾਤ ਵਿਚ ਕਿਹਾ ਕਿ ਇਕ ਬੱਚੇ ਦੇ ਰੂਪ ਵਿਚ ਮੇਰਾ ਸੁਪਨਾ ਵਿਆਹ ਦੇ ਘੁੰਡ ਲਈ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਤੋੜਨ ਦਾ ਰਿਹਾ ਹੈ।