ਵਾਸ਼ਿੰਗਟਨ (ਏਜੰਸੀਆਂ) : ਬਾਇਡਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਪੱਤਰਕਾਰਾਂ ਨਾਲ ਰਸਮੀ ਤੌਰ 'ਤੇ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਬਾਇਡਨ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਕਰਨ ਲਈ ਚੀਨ ਨੂੰ ਮਜਬੂਰ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਨੂੰ ਜਵਾਬਦੇਹ ਬਣਾਉਣ ਜਾ ਰਿਹਾ ਹੈ। ਇਸ ਲਈ ਅਮਰੀਕਾ ਆਪਣੇ ਭਾਈਵਾਲ ਅਤੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਕਦਮ ਚੁੱਕੇਗਾ ਅਤੇ ਬੀਜਿੰਗ 'ਤੇ ਨਿਯਮਾਂ ਦਾ ਪਾਲਣ ਕਰਨ ਲਈ ਦਬਾਅ ਬਣਾਏਗਾ। ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਇਹ ਸੰਦੇਸ਼ ਦਿੱਤਾ। ਬਾਇਡਨ ਨੇ ਕਵਾਡ ਦੇਸ਼ਾਂ ਦੇ ਨੇਤਾਵਾਂ ਨਾਲ ਹੋਈ ਹਾਲੀਆ ਵਾਰਤਾ ਦਾ ਜ਼ਿਕਰ ਵੀ ਕੀਤਾ। ਬਾਇਡਨ ਨੇ 12 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਵਰਚੁਅਲ ਮੀਟਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੋਕਤੰਤਿ੍ਕ ਦੇਸ਼ਾਂ ਦੇ ਇਕ ਗੱਠਜੋੜ ਨੂੰ ਵਾਸ਼ਿੰਗਟਨ ਆਉਣ ਦਾ ਸੱਦਾ ਦੇਣਗੇ। ਇਸ ਮਹੀਨੇ ਦੇ ਸ਼ੁਰੂ ਵਿਚ ਜ਼ਾਹਿਰ ਤੌਰ 'ਤੇ ਚੀਨ ਦਾ ਧਿਆਨ ਸਾਡੇ 'ਤੇ ਗਿਆ ਕਿਉਂਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਮੁਲਾਕਾਤ ਕੀਤੀ। ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਖੇਤਰ ਵਿਚ ਚੀਨ ਨੂੰ ਜਵਾਬਦੇਹ ਠਹਿਰਾਉਣ ਜਾ ਰਹੇ ਹਨ। ਬਾਇਡਨ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰਨ ਜਾ ਰਹੇ ਹਾਂ ਕਿ ਅਸੀਂ ਨਿਯਮਾਂ ਦਾ ਪਾਲਣ ਕਰਨ ਲਈ ਚੀਨ ਨੂੰ ਜਵਾਬਦੇਹ ਠਹਿਰਾਵਾਂਗੇ। ਚਾਹੇ ਇਹ ਨਿਯਮ ਦੱਖਣੀ ਚੀਨ ਸਾਗਰ ਜਾਂ ਪੂਰਬੀ ਚੀਨ ਸਾਗਰ ਨਾਲ ਜੁੜੇ ਹੋਣ ਜਾਂ ਤਾਇਵਾਨ 'ਤੇ ਕੀਤੇ ਗਏ ਸਮਝੌਤੇ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਹੋਣ। ਅਮਰੀਕੀ ਰਾਸ਼ਟਰਪਤੀ ਨੇ ਇਕ ਸਵਾਲ 'ਤੇ ਕਿਹਾ ਕਿ ਚੀਨ ਦਾ ਇਕ ਟੀਚਾ ਹੈ ਅਤੇ ਮੈਂ ਇਸ ਲਈ ਉਸ ਦੀ ਆਲੋਚਨਾ ਨਹੀਂ ਕਰਦਾ, ਪ੍ਰੰਤੂ ਉਸ ਦਾ ਟੀਚਾ ਦੁਨੀਆ ਦਾ ਸਭ ਤੋਂ ਮੋਹਰੀ, ਧਨੀ ਅਤੇ ਸ਼ਕਤੀਸ਼ਾਲੀ ਦੇਸ਼ ਬਣਨ ਦਾ ਹੈ। ਮੇਰੀ ਅਗਵਾਈ ਵਿਚ ਅਜਿਹਾ ਨਹੀਂ ਹੋਵੇਗਾ ਕਿਉਂਕਿ ਅਮਰੀਕਾ ਨਿਰੰਤਰ ਵਾਧਾ ਅਤੇ ਵਿਸਥਾਰ ਕਰ ਰਿਹਾ ਹੈ।