ਵਾਸ਼ਿੰਗਟਨ (ਏਜੰਸੀਆਂ) : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ 'ਤੇ ਅਮਰੀਕਾ ਵਿਚ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਗੁਪਤ ਰਿਪੋਰਟ ਸਾਹਮਣੇ ਆ ਚੁੱਕੀ ਹੈ । ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੁਤਿਨ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਗੱਲ ਦਾ ਖਿਲਾਰਾ ਪੈ ਜਾਣ ਕਾਰਨ ਹੁਣ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਵਿਚ ਆਪਣੇ ਰਾਜਦੂਤ ਨੂੰ ਮਾਸਕੋ ਵਿਚ ਵਾਪਸ ਬੁਲਾ ਲਿਆ। ਏ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ 78 ਸਾਲਾ ਬਾਈਡੇਨ ਨੇ ਕਿਹਾ ਕਿ ਤੁਸੀਂ ਦੇਖਣਾ ਕਿ ਅੱਗੇ ਕੀ ਹੁੰਦਾ ਹੈ।
ਇਸ ਸੱਭ ਦੇ ਬਾਅਦ ਰੂਸ ਨੇ ਅਮਰੀਕਾ ਦੀ ਖੁਫੀਆ ਵਿਭਾਗ ਦੀ ਰਿਪੋਰਟ ਦਾ ਖੰਡਨ ਕੀਤਾ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਰੂਸ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਕਿ ਪੁਤਿਨ ਦਾ ਇਹਨਾਂ ਸਾਜਿਸ਼ਾਂ ਵਿਚ ਕੋਈ ਹੱਥ ਸੀ।