ਅਮਰੀਕਾ, (ਏਜੰਸੀਆਂ) : ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੰਯੁਕਤ ਰਾਸ਼ਟਰ ’ਚ ਆਪਣਾ ਪਹਿਲਾ ਭਾਸ਼ਨ ਦਿਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮੂਲ ਤੱਤ ਔਰਤਾਂ ਦੇ ਸਸ਼ਕਤੀਕਰਨ ’ਤੇ ਨਿਰਭਰ ਕਰਦਾ ਹੈ। ਅਜਿਹੇ ’ਚ ਜੇ ਔਰਤਾਂ ਨੂੰ ਫ਼ੈਸਲਾ ਪ੍ਰਕਿਰਿਆ ਤੋਂ ਵੱਖ ਰੱਖਿਆ ਜਾਂਦਾ ਹੈ ਤਾਂ ਇਹ ਲੋਕਤੰਤਰ ਦੀ ਖਾਮੀ ਨੂੰ ਦਰਸਾਉਂਦਾ ਹੈ। ਹੈਰਿਸ ਨੇ ਔਰਤਾਂ ਦੇ ਪੱਧਰ ’ਤੇ ਸੰਯੁਕਤ ਰਾਸ਼ਟਰ ਕਮਿਸ਼ਨ ਦੇ 65ਵੇਂ ਸੈਸ਼ਨ ’ਚ ਆਪਣੇ ਸੰਬੋਧਨ ’ਚ ਦੁਨੀਆ ਭਰ ’ਚ ਲੋਕਤੰਤਰ ਤੇ ਆਜ਼ਾਦੀ ’ਚ ਗਿਰਾਵਟ ’ਤੇ ਚਿੰਤਾ ਪ੍ਰਗਟਾਈ।
ਕਮਲਾ ਹੈਰਿਸ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਅੱਜ ਲੋਕਤੰਤਰ ’ਤੇ ਦਬਾਅ ਵੱਧ ਰਿਹਾ ਹੈ। ਅਸੀਂ ਦੇਖਿਆ ਹੈ ਕਿ 15 ਸਾਲਾਂ ’ਚ ਦੁਨੀਆ ਭਰ ’ਚ ਆਜ਼ਾਦੀ ’ਚ ਕਮੀ ਆਈ ਹੈ। ਮਾਹਿਰਾਂ ਦਾ ਤਾਂ ਇੱਥੋਂ ਤਕ ਮੰਨਣਾ ਹੈ ਕਿ ਬੀਤਿਆ ਸਾਲ ਦੁਨੀਆ ਭਰ ’ਚ ਲੋਕਤੰਤਰ ਤੇ ਆਜ਼ਾਦੀ ਦੀ ਵਿਗਡ਼ਦੀ ਸਥਿਤੀ ਦੇ ਲਿਹਾਜ ਨਾਲ ਸਭ ਤੋਂ ਬੁਰਾ ਸੀ।’ ਹੈਰਿਸ ਨੇ ਕਿਹਾ ਕਿ ਲੋਕਤੰਤਰ ਦੀ ਸਥਿਤੀ ਮੂਲ ਰੂਪ ’ਚ ਔਰਤਾਂ ਦੇ ਸਸ਼ਕਤੀਕਰਨ ’ਤੇ ਨਿਰਭਰ ਕਰਦੀ ਹੈ, ਅਜਿਹੇ ’ਚ ਫ਼ੈਸਲੇ ਲੈਣ ਦੀ ਪ੍ਰਕਿਰਿਆ ਤੋਂ ਔਰਤਾਂ ਨੂੰ ਬਾਹਰ ਰੱਖਣਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਲੋਕਤੰਤਰ ’ਚ ਖਾਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ’ਤੇ ਔਰਤਾਂ ਦੀ ਹਿੱਸੇਦਾਰੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ। ਹੈਰਿਸ ਨੇ ਕਿਹਾ ਕਿ ਔਰਤਾਂ ਦੀ ਸਥਿਤੀ ਲੋਕਤੰਤਰ ਦੀ ਸਥਿਤੀ ਹੈ ਤੇ ਅਮਰੀਕਾ ਦੋਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼, ਸਹਿਯੋਗੀ ਸੰਸਥਾਵਾਂ ਤੇ ਗ਼ੈਰ-ਸਰਕਾਰੀ ਸੰਗਠਨ 15 ਤੋਂ 26 ਮਾਰਚ ਤਕ ਚੱਲਣ ਵਾਲੇ ਇਸ ਸੈਸ਼ਨ ’ਚ ਵਰਚੁਅਲ ਤਰੀਕੇ ਨਾਲ ਹਿੱਸਾ ਲੈ ਰਹੇ ਹਨ। ਅਮਰੀਕਾ ਦੀ ਪਹਿਲੀ ਸਿਆਹਫਾਮ ਤੇ ਦੱਖਣੀ ਏਸ਼ਿਆਈ ਮੂਲ ਦੀ ਉਪ ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ’ਚ ਆਰਥਿਕ ਸੁਰੱਖਿਆ, ਸਰੀਰਕ ਸੁਰੱਖਿਆ ਤੇ ਔਰਤਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ।