Friday, November 22, 2024
 

ਚੰਡੀਗੜ੍ਹ / ਮੋਹਾਲੀ

DGP ਦਿਨਕਰ ਗੁਪਤਾ ਵੱਲੋਂ DSP ਵਰਿੰਦਰਪਾਲ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

March 14, 2021 10:33 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦੀ ਅੱਜ ਕੋਵਿਡ-19 ਕਰਕੇ ਮੌਤ ਹੋ ਗਈ।

ਡੀ.ਜੀ.ਪੀ. ਨੇ ਟਵੀਟ ਕੀਤਾ “ਸਾਨੂੰ ਸਭ ਨੂੰ ਸਾਡੇ ਸਾਥੀ ਕਰਮਚਾਰੀ ਵਰਿੰਦਰਪਾਲ ਸਿੰਘ, ਡੀ.ਐਸ.ਪੀ. ਸ਼ਾਹਕੋਟ ਦੀ ਮੌਤ ’ਤੇ ਬਹੁਤ ਦੁੱਖ ਹੋਇਆ ਜਿਨਾਂ ਦੀ ਕੋਵਿਡ ਨਾਲ ਪਿਛਲੇ ਇੱਕ ਮਹੀਨੇ ਤੋਂ ਜੂਝਦਿਆਂ ਅੱਜ ਮੌਤ ਹੋ ਗਈ। ਅਸੀਂ ਹਾਲ ਹੀ ਵਿੱਚ ਕੋਵਿਡ ਕਰਕੇ ਏ.ਐਸ.ਆਈ. ਨਾਇਬ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ ਅਤੇ ਏ.ਐਸ.ਆਈ. ਜੋਗਿੰਦਰ ਰਾਮ ਨੂੰ ਵੀ ਖੋ ਦਿੱਤਾ ਹੈ।

ਦੁੱਖ ਦੀ ਇਸ ਘੜੀ ਵਿੱਚ ਵਰਿੰਦਰਪਾਲ ਸਿੰਘ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੀਂ ਹਮਦਰਦੀ ਸਾਂਝੀ ਕਰਦਿਆਂ ਡੀ.ਜੀ.ਪੀ. ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। 

ਉਨਾਂ ਦੱਸਿਆ ਕਿ ਕੁੱਲ 6386 ਪੁਲਿਸ ਮੁਲਾਜ਼ਮ ਕੋਵਿਡ-19 ਪਾਜ਼ੇਟਿਵ ਪਾਏ ਗਏ ਜਿਨਾਂ ਵਿੱਚੋਂ 6135 ਸਿਹਤਯਾਬ ਹੋਏ ਜਦੋਂਕਿ 195 ਮੁਲਾਜ਼ਮ ਇਸ ਸਮੇਂ ਕੋਵਿਡ ਪਾਜ਼ੇਟਿਵ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ।

ਬਦਕਿਸਮਤੀ ਨਾਲ ਪੰਜਾਬ ਪੁਲਿਸ ਦੇ 56 ਕਰਮਚਾਰੀਆਂ ਜਿਨਾਂ ਵਿੱਚ ਦੋ ਗਜ਼ਟਿਡ ਅਫ਼ਸਰ ਅਤੇ ਛੇ ਪੰਜਾਬ ਹੋਮ ਗਾਰਡ ਦੇ ਜਵਾਨ ਸ਼ਾਮਲ ਹਨ, ਦੀ ਕੋਵਿਡ-19 ਕਰਕੇ ਜਾਨ ਗਈ ਹੈ। 

ਇਸ ਦੌਰਾਨ ਡੀ.ਜੀ.ਪੀ. ਨੇ ਸਾਰੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਤੇ ਹੋਰਨਾਂ ਦੀ ਸੁਰੱਖਿਆ ਲਈ ਕੋਵਿਡ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ।

 

Have something to say? Post your comment

Subscribe