ਵਿਸ਼ਵ ਸਿਹਤ ਸੰਗਠਨ ਦਾ ਨਾਂ ਵੀ ਸੂਚੀ ’ਚ ਹੈ ਸ਼ਾਮਲ
ਕੋਪੇਨਹੇਗਨ (ਡੈਨਮਾਰਕ) (ਏਜੰਸੀਆਂ) : ਨੋਬਲ ਸ਼ਾਂਤੀ ਪੁਰਸਕਾਰ ਲਈ ਇਸ ਸਾਲ 329 ਨਾਮਜ਼ਦਗੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਵਿੱਚ 234 ਵਿਅਕਤੀ ਅਤੇ 95 ਸੰਗਠਨ ਸ਼ਾਮਲ ਹਨ। ਇਸ ਪੁਰਸਕਾਰ ਲਈ ਨਾਮਜ਼ਦਗੀਆਂ ਦੀ ਇਹ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਨੌਰਵੇ ਦੀ ਰਾਜਧਾਨੀ ਓਸਲੋ ਸਥਿਤ ਨੋਬਲ ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ-2021 ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 1 ਫਰਵਰੀ ਸੀ। ਇਸ ਵਾਰ ਇਸ ਪੁਰਸਕਾਰ ਲਈ 329 ਨਾਮਜ਼ਦਗੀਆਂ ਮਿਲੀਆਂ, ਜਿਨ੍ਹਾਂ ਵਿੱਚ ਵਿਸ਼ਵ ਸਿਹਤ ਸੰਗਠਨ ਤੇ ਦਾਨੀ ਸੰਸਥਾ ‘ਖ਼ਾਲਸਾ ਏਡ’ ਸਣੇ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ।
ਇਸ ਪੁਰਸਕਾਰ ਲਈ ਖਾਲਸਾ ਏਡ ਦਾ ਨਾਮ ਟਿਮ ਉਪਲ ਸਣੇ ਕੈਨੇਡਾ ਦੇ ਦੋ ਸਿਆਸਤਦਾਨਾਂ ਨੇ ਪੇਸ਼ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਸਥਾ ਆਫ਼ਤ ਵਿੱਚ ਫਸੇ ਲੋਕਾਂ ਦੀ ਸੇਵਾਵਾਂ ਕਰਨ ਦੇ ਨਾਲ-ਨਾਲ ਲਗਾਤਾਰ ਲੰਗਰ ਦੀ ਸੇਵਾ ਕਰਦੀ ਆ ਰਹੀ ਹੈ। ਸ਼ਾਂਤੀ ਦਾ ਦੂਤ ਬਣੀ ਇਹ ਸੰਸਥਾ ਭੁੱਖੇ ਲੋਕਾਂ ਦਾ ਢਿੱਡ ਭਰਨ ਤੋਂ ਲੈ ਕੇ ਉਨ੍ਹਾਂ ਨੂੰ ਹਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾ ਰਹੀ ਹੈ।
ਨੋਬਲ ਸ਼ਾਂਤੀ ਪੁਰਸਕਾਰ ਲਈ ਸਭ ਤੋਂ ਵੱਧ 376 ਨਾਮਜ਼ਦਗੀਆਂ 2016 ਵਿੱਚ ਪ੍ਰਾਪਤ ਹੋਈਆਂ ਸਨ। ਇਸ ਪੁਰਕਸਾਰ ਲਈ ਸਰਕਾਰਾਂ ਦੇ ਮੁਖੀ, ਕੌਮੀ ਪੱਧਰ ’ਤੇ ਸੇਵਾਵਾਂ ਨਿਭਾਅ ਰਹੇ ਸਿਆਸਤਦਾਨ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਵਿਦੇਸ਼ ਨੀਤੀ ਸੰਸਥਾਵਾਂ ਦੇ ਡਾਇਰੈਕਟਰ, ਸਾਬਕਾ ਨੋਬਲ ਪੁਰਸਕਾਰ ਜੇਤੂ ਅਤੇ ਨੌਰਵ ਨੋਬਲ ਕਮੇਟੀ ਦੇ ਮੈਂਬਰ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।
ਹਾਲਾਂਕਿ ਨੋਬਲ ਕਮੇਟੀ ਦੇ ਬੋਰਡ ਨੇ ਨਾਮਜ਼ਦਗੀਆਂ ਦੀਆਂ ਐਲਾਨ ਨਹੀਂ ਕੀਤਾ ਹੈ, ਪਰ ਨਾਮਜ਼ਦਗੀਆਂ ਭਰਨ ਵਾਲੇ ਚਾਹੁਣ ਤਾਂ ਨਾਮਜ਼ਦ ਵਿਅਕਤੀਆਂ ਦੇ ਨਾਮ ਦਾ ਐਲਾਨ ਕਰ ਸਕਦੇ ਹਨ। ਦੱਸ ਦੇਈਏ ਕਿ ਨੋਬਲ ਕਮੇਟੀ ਆਪਣੇ ਸਾਲਾ ਫ਼ੈਸਲੇ ਦਾ ਐਲਾਨ ਹਰ ਸਾਲ ਅਕਤੂਬਰ ਵਿੱਚ ਕਰਦੀ ਹੈ। ਜਦਕਿ ਸ਼ਾਂਤੀ ਅਤੇ ਹੋਰ ਨੋਬਲ ਪੁਰਸਕਾਰ ਹਰ ਸਾਲ 10 ਦਸੰਬਰ ਨੂੰ ਪ੍ਰਦਾਨ ਕੀਤੇ ਜਾਂਦੇ ਹਨ।
ਸੂਤਰਾਂ ਮੁਤਾਬਕ ਨੋਬਲ ਸ਼ਾਂਤੀ ਪੁਰਸਕਾਰ 2021 ਦੇ ਉਮੀਦਵਾਰਾਂ ਵਿੱਚ ਬੇਲਾਰੂਸ ਦੀ ਵਿਰੋਧੀ ਧਿਰ ਦੀ ਕੱਢੀ ਗਈ ਨੇਤਾ ਸਵੇਤਲਾਨਾ ਤਿਖਨੋਸਕਾਇਆ ਅਤੇ ਦੋ ਹੋਰ ਬੇਲਾਰੂਸ ਜਮਹੂਰੀ ਕਾਰਕੁੰਨ, ਵੇਰੋਨਿਕਾ ਤਸੇਪਲਕੋ ਅਤੇ ਮਾਰਿਆ ਕੋਲੇਨਿਕੋਵਾ ਸ਼ਾਮਲ ਹਨ। ਇਸ ਤੋਂ ਇਲਾਵਾ ‘ਦਿ ਬਲੈਕ ਲਾਈਵਸ ਮੈਟਰ’ ਅੰਦੋਲਨ, ਰੂਸੇ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ, ਵਾਈਟ ਹਾਊਸ ਦੇ ਸਾਬਕਾ ਸਲਾਹਕਾਰ ਜੇਰੇਡ ਕੁਸ਼ਨਰ ਅਤੇ ਅਬ੍ਰਾਹਮ ਸੰਧੀ ਲਈ ਪੱਛਮੀ ਏਸ਼ੀਆ ਨਾਲ ਲੜੀਵਾਰ ਗੱਲਬਾਤ ਕਰਨ ਵਾਲੇ ਅਲੀ ਬਰਕੋਵਿਤਜ ਸ਼ਾਮਲ ਹਨ।