ਮਿਆਂਮਾਰ (ਏਜੰਸੀਆਂ) : ਮਿਆਂਮਾਰ ਦੇਸ਼ ਵਿਚ ਫ਼ੌਜੀ ਤਖ਼ਤਾ ਪਲਟ ਵਿਰੁਧ ਪ੍ਰਦਰਸ਼ਨ ਚੌਥੇ ਹਫ਼ਤੇ ਵੀ ਜਾਰੀ ਹੈ ਬੇਸ਼ੱਕ ਪ੍ਰਦਰਸ਼ਨਕਾਰੀਆਂ ’ਤੇ ਤਸ਼ਦਦ ਹੋ ਰਿਹਾ ਹੈ। ਫ਼ੌਜ ਦੀ ਪੂਰੀ ਸਖ਼ਤਾਈ ਦੇ ਬਾਵਜੂਦ ਪ੍ਰਦਰਸ਼ਨਕਾਰੀ ਸੜਕਾਂ ਤੋਂ ਹਟਣ ਲਈ ਤਿਆਰ ਨਹੀ। ਫ਼ੌਜ ਵਲੋਂ ਅਹੁੱਦੇ ਤੋਂ ਹਟਾਏ ਗਏ ਸਰਕਾਰ ਮੈਂਬਰਾਂ ਨੇ ਸੋਮਵਾਰ ਨੂੰ ਫ਼ੌਜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਕਾਊਂਟਰ ਟੈਰਰਿਜ਼ਮ ਲਾਅ ਦੀ ਉਲੰਘਣਾ ਤੇ ਅੱਤਵਾਦੀਆਂ ਵਰਗੇ ਕਾਰਿਆਂ ਲਈ ਸੂਬਾ ਪ੍ਰਸ਼ਾਸਨਿਕ ਕੌਂਸਲ ਨੇ ਫੌਜ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਮਿਆਂਮਾਰ ’ਚ ਐਤਵਾਰ ਨੂੰ ਪੁਲਿਸ ਤੇ ਫ਼ੌਜੀ ਬਲਾਂ ਦੀ ਕਾਰਵਾਈ ’ਚ 18 ਲੋਕ ਮਾਰੇ ਗਏ ਹਨ ਤੇ 30 ਤੋਂ ਜ਼ਿਆਦਾ ਜ਼ਖ਼ਮੀ ਹੋਏ। ਰਿਪੋਰਟ ’ਚ ਕਿਹਾ ਗਿਆ ਹੈ ਕਿ 1 ਫਰਵਰੀ ਨੂੰ ਦੇਸ਼ ਵਿਚ ਤਖ਼ਤਾਪਲਟ ਤੋਂ ਬਾਅਦ ਐਤਵਾਰ ਦਾ ਦਿਨ ਸਭ ਤੋਂ ਖ਼ਤਰਨਾਕ ਰਿਹਾ। ਸਪੂਤਨਿਕ ਦੀ ਇਕ ਰਿਪੋਰਟ ਅਨੁਸਾਰ, ਕਮੇਟੀ ਨੇ ਦੋਸ਼ ਵਿਚ ਸ਼ਾਂਤੀ ਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨਾਗਰਿਕਾਂ ਨੂੰ ਗੋਲੀ ਮਾਰਨ, ਕੁੱਟਣ, ਵਿਦਿਆਰਥੀ ਤੇ ਸਿਵਲ ਸੇਵਕਾਂ ਨੂੰ ਗ੍ਰਿਫ਼ਤਾਰ ਕਰਨ ਵਰਗੇ ਅੱਤਿਆਚਾਰਾਂ ਨੂੰ ਸ਼ਾਮਲ ਕੀਤਾ ਹੈ।