ਯਾਂਗੂਨ, (ਏਜੰਸੀਆਂ) : ਅਹਿਤਿਆਤ ਵਰਤਦਿਆਂ ਫ਼ੇਸਬੁੱਕ ਨੇ ਇਕ ਅਹਿਮ ਕਦਮ ਚੁਕਦਿਆਂ ਮਿਆਂਮਾਰ ਦੀ ਸੱਤਾ 'ਤੇ ਸੈਨਾ ਦੇ ਕਬਜ਼ੇ ਦੇ ਮੱਦੇਨਜ਼ਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ ਅਤੇ ਉਸ ਦੇ ਕਬਜ਼ੇ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਤੇ ਰੋਕ ਲਗਾ ਰਹੀ ਹੈ। ਫੇਸਬੁੱਕ ਤਖਤਾਪਲਟ ਦੇ ਬਾਅਦ ਦੇ ਹਾਲਾਤ ਨੂੰ 'ਐਮਰਜੈਂਸੀ' ਸਮਝਦੀ ਹੈ ਅਤੇ ਇਹ ਪਾਬੰਦੀ 'ਜਾਨਲੇਵਾ ਹਿੰਸਾ' ਸਮੇਤ ਤਖਤਾਪਲਟ ਦੇ ਬਾਅਦ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਲਗਾਈ ਗਈ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਵੀ ਇਹ ਪਾਬੰਦੀ ਲਗਾਈ ਹੈ। ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੂੰ 2017 ਵਿਚ ਕਾਫੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਸਮੇਂ ਮਨੁੱਖੀ ਅਧਿਕਾਰ ਸਮੂਹਾਂ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਮਿਆਂਮਾਰ ਦੇ ਮੁਸਲਿਮ ਰੋਹਿੰਗਿਆ ਘੱਟ ਗਿਣਤੀਆਂ ਖ਼ਿਲਾਫ਼ ਨਫਰਤ ਪੈਦਾ ਕਰਨ ਵਾਲੀਆਂ ਸਮਗੱਰੀਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ।