ਬੀਜਿੰਗ (ਏਜੰਸੀਆਂ) : ਚੀਨ ਨੇ ਨਾਬਾਲਗ ਅਪਰਾਧ ਕਾਨੂੰਨ ਵਿਚ ਸੋਧ ਕੀਤੀ ਹੈ। ਇਸ ਤਹਿਤ ਕੁਝ ਗੰਭੀਰ ਅਪਰਾਧਾਂ ਵਿਚ ਅਪਰਾਧੀਆਂ ਦੀ ਉਮਰ 14 ਤੋਂ ਘਟਾ ਕੇ 12 ਸਾਲ ਕਰ ਦਿੱਤੀ ਗਈ ਹੈ। ਨਵਾਂ ਕਾਨੂੰਨ ਇਕ ਮਾਰਚ ਤੋਂ ਲਾਗੂ ਹੋਵੇਗਾ।
ਸੋਧੇ ਕਾਨੂੰਨ ਤਹਿਤ 12 ਤੋਂ 14 ਸਾਲ ਦਾ ਨਾਬਾਲਗ ਇਰਾਦਤਨ ਹੱਤਿਆ ਜਾਂ ਇਰਾਦਤਨ ਜ਼ਖ਼ਮੀ ਕਰਨ ਕਾਰਨ ਹੋਣ ਵਾਲੀ ਮੌਤ ਜਾਂ ਗੰਭੀਰ ਰੂਪ ਵਿਚ ਅਪਾਹਜ ਲਈ ਜ਼ਿੰਮੇਵਾਰ ਮੰਨਿਆ ਜਾਵੇਗਾ। ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਇਹ ਸੋਧ ਸ਼ਨਿਚਰਵਾਰ ਨੂੰ ਪਾਸ ਕੀਤੀ। ਨਵੇਂ ਕਾਨੂੰਨ ਵਿਚ ਉਪਰ ਲਿਖਤ ਅਪਰਾਧਾਂ ਦੇ ਇਲਾਵਾ ਹੋਰ ਅਪਰਾਧ ਕਰਨ ਵਾਲੇ 14 ਸਾਲਾਂ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਅਪਰਾਧਿਕ ਸਜ਼ਾ ਤੋਂ ਛੋਟ ਹੋਵੇਗੀ ਪ੍ਰੰਤੂ ਉਨ੍ਹਾਂ ਨੂੰ ਸੁਧਾਰਾਤਮਕ ਸਿੱਖਿਆ ਦਿੱਤੀ ਜਾਵੇਗੀ। ਚੀਨ ਵਿਚ ਹੁਣ ਅਪਰਾਧਿਕ ਜਵਾਬਦੇਹੀ ਦੀ ਉਮਰ 16 ਸਾਲ ਹੈ। ਜਬਰ ਜਨਾਹ, ਡਕੈਤੀ ਅਤੇ ਇਰਾਦਤਨ ਹੱਤਿਆ ਵਰਗੇ ਗੰਭੀਰ ਅਪਰਾਧਾਂ ਲਈ 14 ਤੋਂ 16 ਸਾਲਾਂ ਦੇ ਨਾਬਾਲਗਾਂ 'ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਂਦਾ ਹੈ। ਚੀਨ ਦੀ ਸਰਬਉੱਚ ਨਿਆਇਕ ਸੰਸਥਾ ਨੇ ਪਿਛਲੇ ਸਾਲ ਜੂਨ ਵਿਚ ਇਕ ਵ੍ਹਾਈਟ ਪੇਪਰ ਜਾਰੀ ਕਰਕੇ ਕਿਹਾ ਸੀ ਕਿ ਸਾਲ 2018 ਤੋਂ 2019 ਦੌਰਾਨ ਨਾਬਾਲਗ ਅਪਰਾਧਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ ਕਾਨੂੰਨ ਵਿਚ ਇਹ ਸੋਧ ਕੀਤੀ ਗਈ ਹੈ।