ਦੁਬਈ (ਏਜੰਸੀਆਂ) : ਸਿਆਣੇ ਸੱਚ ਕਹਿੰਦੇ ਹਨ ਕਿ ਇਸ਼ਕ ਜਿਨ੍ਹਾਂ ਦੇ ਹੱਡੀਂ ਰਚ ਜਾਂਦਾ ਹੈ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਪਰ ਇਸ਼ਕ ਵਿਚ ਬੰਦਾ ਚੋਰ ਵੀ ਬਣ ਜਾਂਦਾ ਹੈ, ਸ਼ਾਇਦ ਇਹ ਅਜੀਬ ਜਿਹਾ ਲਗਦਾ ਹੈ। ਇਸ਼ਕ ’ਚ ਅੰਨ੍ਹੇ ਹੋਏ ਆਸ਼ਕ ਨੇ ਇਹ ਕਾਰਨਾਮਾ ਕਰ ਕੇ ਨਵਾਂ ਰਿਕਾਰਡ ਬਣਾ ਦਿਤਾ ਹੈ। ਦੁਬਈ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਤੋਹਫ਼ਾ ਦੇਣ ਲਈ ਇਕ ਊਠ ਦਾ ਬੱਚਾ ਚੋਰੀ ਕਰ ਲਿਆ। ਯੂਏਈ ਦੇ ਅਰੈਬਿਕ (ਅਰਬੀ) ਡੇਲੀ ਅਲ ਬਯਾਨ ਦੀ ਇਕ ਰਿਪੋਰਟ ਅਨੁਸਾਰ, ਮਾਮਲੇ ਵਿੱਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗਲਫ਼ ਟੁਡੇ ਵਿੱਚ ਛਪੀ ਰਿਪੋਰਟ ਅਨੁਸਾਰ, ਦਰਅਸਲ ਉਸ ਆਦਮੀ ਦੀ ਪ੍ਰੇਮਿਕਾ ਆਪਣੇ ਜਨਮਦਿਨ ਦੇ ਤੌਹਫ਼ੇ ਦੇ ਤੌਰ ਤੇ ਇੱਕ ਉੱਠ ਚਾਹੁੰਦੀ ਸੀ। ਉਸਦੇ ਪ੍ਰੇਮੀ ਕੋਲ ਇੰਨੇ ਪੈਸੇ ਨਹੀਂ ਸਨ ਜਿਸ ਨਾਲ ਉਹ ਉੱਠ ਖਰੀਦ ਸਕੇ। ਇਸੇ ਕਾਰਨ ਉਸ ਨੇ ਚੋਰੀ ਦਾ ਇਹ ਪਲਾਨ ਬਣਾਇਆ।
ਉਸਨੇ ਆਪਣੇ ਘਰ ਦੇ ਨੇੜੇ ਇੱਕ ਫਾਰਮ ਲੱਭਿਆ ਜਿੱਥੇ ਉਸਨੂੰ ਇੱਕ ਨਵਾਂ-ਜੰਮਿਆ ਉੱਠ ਦਾ ਬੱਚਾ ਦਿਖਾਈ ਦਿੱਤਾ। ਬਸ ਫਿਰ ਕੀ ਸੀ, ਉਸਨੇ ਉਸ ’ਬੇਬੀ ਕੈਮਲ’ ਨੂੰ ਚੋਰੀ ਕੀਤਾ ਅਤੇ ਆਪਣੀ ਗਰਲਫ੍ਰੈਂਡ ਨੂੰ ਗਿਫ਼ਟ ਦੇ ਤੌਰ ’ਤੇ ਦੇ ਦਿੱਤਾ।
ਫਾਰਮ ਦੇ ਮਾਲਕ ਨੂੰ ਜਦੋਂ ਉੱਠ ਦੇ ਬੱਚੇ ਦੇ ਗਾਇਬ ਹੋਣ ਬਾਰੇ ਪਤਾ ਚੱਲਿਆ ਤਾਂ ਉਸਨੇ ਇਸਦੀ ਰਿਪੋਰਟ ਦੁਬਈ ਪੁਲਿਸ ਕੋਲ ਦਰਜ ਕਰਵਾਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉੱਠ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ, ਜਿਸ ਨਾਲ ਪੁਲਿਸ ਨੂੰ ਚੋਰੀ ਦਾ ਸ਼ੱਕ ਹੋਇਆ।
ਬੁਰ ਦੁਬਈ ਪੁਲਿਸ ਸਟੇਸ਼ਨ ਦੇ ਡਾਇਰੈਕਟਰ, ਬ੍ਰਿਗੇਡੀਅਰ ਜਨਰਲ ਅਬਦੁੱਲਾ ਖ਼ਾਦਿਮ ਬਿਨ ਸੁਰੂਰ ਅਲ-ਉਮਰ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਨ੍ਹਾਂ ਕੋਲ ਜਾਣਕਾਰੀ ਦਿੱਤੀ ਕਿ ਉਸਨੂੰ ਆਪਣੇ ਫਾਰਮ (ਖੇਤ) ਦੇ ਸਾਹਮਣੇ ਉੱਠ ਦਾ ਇੱਕ ਨਵਾਂ-ਜੰਮਿਆ ਬੱਚਾ ਮਿਲਿਆ ਹੈ। ਪੁਲਿਸ ਉਸ ਜਗ੍ਹਾ ’ਤੇ ਪਹੁੰਚੀ, ਪਰ ਪੁਲਿਸ ਨੂੰ ਉਸ ਆਦਮੀ ਦੀ ਖੇਤ ਸਾਹਮਣੇ ਉੱਠ ਮਿਲਣ ਵਾਲੀ ਕਹਾਣੀ ’ਤੇ ਸ਼ੱਕ ਹੋਇਆ। ਖਾਸ ਕਰਕੇ ਜਦੋਂ ਕਿ ਉਸਦੇ ਖੇਤ ਅਤੇ ਉੱਠ ਦੇ ਪੈਦਾ ਹੋਣ ਵਾਲੇ ਖੇਤ ਵਿਚਕਾਰ ਦੀ ਦੂਰੀ 3 ਕਿਲੋਮੀਟਰ ਤੋਂ ਵੀ ਜ਼ਿਆਦਾ ਸੀ।
ਪੁਲਿਸ ਨੇ ਦੱਸਿਆ ਕਿ ਇੱਥੇ ਇਕ ਮੁੱਖ ਸੜਕ ਹੈ ਜੋ ਦੋਹਾਂ ਥਾਵਾਂ ਨੂੰ ਵੱਖ ਕਰਦੀ ਹੈ, ਅਤੇ ਇੱਕ ਨਵਜੰਮੇ ਉੱਠ ਦਾ ਉਸ ਰਸਤੇ ਤੁਰਨਾ ਜਾਂ ਪਾਰ ਕਰਨਾ ਅਸੰਭਵ ਹੈ। ਪੁਲਿਸ ਅਨੁਸਾਰ, ਉਕਤ ਵਿਅਕਤੀ ’ਤੇ ਥੋੜਾ ਦਬਾਅ ਪਾਉਣ ਤੋਂ ਬਾਅਦ ਉਸਨੇ ਆਪਣਾ ਸਾਰਾ ਜੁਰਮ ਕਬੂਲ ਲਿਆ। ਉਸਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਉਸਦੇ ਜਨਮਦਿਨ ’ਤੇ ਖੁਸ਼ ਕਰਨਾ ਚਾਹੁੰਦਾ ਸੀ। ਜਿਸ ਕਾਰਨ ਉਸਨੇ ਰਾਤ ਨੂੰ ਮੌਕਾ ਦੇਖ ਕੇ ਜਾਨਵਰ ਨੂੰ ਚੁੱਕ ਲਿਆ ਅਤੇ ਉਥੋਂ ਭੱਜ ਗਿਆ। ਪੁਲਿਸ ਦੇ ਡਰ ਤੋਂ ਆਦਮੀ ਨੇ ਇਹ ਕਹਾਣੀ ਵੀ ਰਚੀ ਕਿ ਉੱਠ ਉਸਦੇ ਖੇਤ ਦੇ ਸਾਹਮਣੇ ਮਿਲਿਆ ਸੀ, ਤਾਂ ਜੋ ਉਹ ਬਚ ਸਕੇ। ਪ੍ਰੇਮੀ ਜੋੜੇ ਨੂੰ ਉਨ੍ਹਾਂ ਦੇ ਇਸ ਅਪਰਾਧ ਲਈ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ ਅਤੇ ਦੁਬਈ ਪੁਲਿਸ ਦੀ ਮਦਦ ਨਾਲ ਹੁਣ ’ਬੇਬੀ ਕੈਮਲ’ ਨੂੰ ਵੀ ਉਸਦੇ ਅਸਲ ਮਾਲਕ ਨੂੰ ਸੌਂਪ ਦਿੱਤਾ ਗਿਆ ਹੈ।