7 ਵੈਸਟ ਮੀਡੀਆ ਨੂੰ ਖ਼ਬਰਾਂ ਬਦਲੇ ਭੁਗਤਾਨ ਕਰੇਗਾ ਗੂਗਲ
ਕੈਨਬਰਾ (ਏਜੰਸੀਆਂ): ਆਸਟ੍ਰੇਲੀਆ ਦੇ ਸੈਵਨ ਵੈਸਟ ਮੀਡੀਆ ਨੇ ਖ਼ਬਰਾਂ ਦੇ ਬਦਲੇ ਭੁਗਤਾਨ ਲਈ ਦਿੱਗਜ਼ ਟੇਕ ਫਰਮ ਗੂਗਲ ਨਾਲ ਸਮਝੌਤਾ ਕੀਤਾ ਹੈ। ਸੋਮਵਾਰ ਨੂੰ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ। 7 ਵੈਸਟ ਮੀਡੀਆ ਇਹ ਸਮਝੌਤਾ ਕਰਨ ਵਾਲੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਮੀਡੀਆ ਫਰਮ ਹੈ। ਇਸ ਸਮਝੌਤੇ ਦੇ ਤਹਿਤ ਗੂਗਲ ਖ਼ਬਰਾਂ ਲਈ ਮੀਡੀਆ ਫਰਮ ਨੂੰ ਭੁਗਤਾਨ ਕਰੇਗਾ। ਇਸ ਸਮਝੌਤੇ ਦਾ ਐਲਾਨ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦਕਿ ਮੰਗਲਵਾਰ ਨੂੰ ਆਸਟ੍ਰੇਲੀਆਈ ਸੰਸਦ ਵਿਚ ਇਸ ਸੰਬੰਧ ਵਿਚ ਕਾਨੂੰਨ ਦੇ ਖਰੜੇ ’ਤੇ ਵਿਚਾਰ-ਵਟਾਂਦਰੇ ਹੋਣੇ ਹਨ।
ਮੀਡੀਆ ਪ੍ਰਤੀਨਿਧੀਆਂ, ਫੇਸਬੁੱਕ, ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਇੰਕ ਦੇ ਚੀਫ ਕਾਰਜਕਾਰੀ ਸੁੰਦਰ ਪਿਚਾਈ ਨਾਲ ਆਸਟ੍ਰੇਲੀਆ ਸਰਕਾਰ ਦੇ ਮੰਤਰੀਆਂ ਦੀ ਲੰਬੀ ਚਰਚਾ ਦੇ ਬਾਅਦ ਇਸ ਸੰਬੰਧ ਵਿਚ ਸਹਿਮਤੀ ਬਣੀ ਹੈ। ਸੇਵਨ ਵੈਸਟ ਮੀਡੀਆ ਦੇ ਕੁੱਲ 21 ਪ੍ਰਕਾਸ਼ਨ ਹਨ। ਫਰਮ ਦੇ ਚੇਅਰਮੈਨ ਕੇਰੀ ਸਟੋਰਕਸ ਨੇ ਕਾਨੂੰਨ ਲਈ ਆਸਟ੍ਰੇਲੀਆ ਸਰਕਾਰ ਅਤੇ ਉੱਥੋਂ ਦੇ ਮੁਕਾਬਲਾ ਕਮਿਸ਼ਨ ਦਾ ਧੰਨਵਾਦ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਗੂਗਲ ਨਾਲ ਇਸ ਸਮਝੌਤੇ ਦੇ ਜ਼ਰੀਏ ਦੇਸ਼ਭਰ ਵਿਚ ਗੁਣਵੱਤਾ ਅਤੇ ਅਸਲ ਪੱਤਰਕਾਰੀ ਨੂੰ ਉਸ ਦਾ ਮੁੱਲ ਮਿਲ ਸਕੇਗਾ। ਖਾਸ ਤੌਰ ’ਤੇ ਛੋਟੇ ਇਲਾਕਿਆਂ ਵਿਚ ਇਸ ਦਾ ਫਾਇਦਾ ਦੇਖਣ ਨੂੰ ਮਿਲੇਗਾ। ਇਸ ਦਿਸ਼ਾ ਵਿਚ ਪਹਿਲ ਕਰਦੇ ਹੋਏ ਗੂਗਲ ਨੇ ਅਕਤੂਬਰ ਵਿਚ ਨਿਊਜ਼ ਸ਼ੋਕੇਸ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਗੂਗਲ ਦੁਨੀਆ ਭਰ ਵਿਚ 450 ਤੋਂ ਵਧੇਰੇ ਪਬਲਿਕੇਸ਼ਨਜ਼ ਦੇ ਨਾਲ ਭੁਗਤਾਨ ਕਰਨ ਲਈ ਸਮਝੌਤਾ ਕਰ ਚੁੱਕਾ ਹੈ।