ਵਾਸ਼ਿੰਗਟਨ (ਏਜੰਸੀਆਂ) : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ ਨੇ ਦੂਜੀ ਵਾਰ ਮਹਾਦੋਸ਼ ਦੇ ਮੁਕੱਦਮੇ ਤੋਂ ਬਰੀ ਕਰ ਦਿੱਤਾ ਹੈ। ਛੇ ਜਨਵਰੀ ਨੂੰ ਅਮਰੀਕੀ ਸੰਸਦ 'ਚ ਹੋਏ ਦੰਗੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਚਲਾਈ ਗਈ ਸੀ। 57 ਸੈਨੇਟਰਾਂ ਨੇ ਜਿੱਥੇ ਇਸ ਦੇ ਪੱਖ ਵਿਚ ਵੋਟ ਦਿੱਤਾ ਉੱਥੇ 43 ਸੈਨੇਟਰਾਂ ਨੇ ਵਿਰੋਧ ਵਿਚ ਵੋਟ ਪਾਏ। ਦੋਸ਼ੀ ਕਰਾਰ ਦੇਣ ਲਈ ਦੋ-ਤਿਹਾਈ ਵੋਟ ਨਾ ਮਿਲਣ ਕਾਰਨ ਟਰੰਪ ਨੂੰ ਬਰੀ ਕਰ ਦਿੱਤਾ ਗਿਆ। ਸਾਰੇ 50 ਡੈਮੋਕ੍ਰੇਟ ਦੇ ਨਾਲ ਸੱਤ ਰਿਪਬਲਿਕਨ ਸੈਨੇਟਰਾਂ ਨੇ ਵੀ ਕਾਰਵਾਈ ਦੇ ਪੱਖ ਵਿਚ ਵੋਟਿੰਗ ਕੀਤੀ।
ਦੱਸਣਯੋਗ ਹੈ ਕਿ 100 ਮੈਂਬਰੀ ਸੈਨੇਟ ਵਿਚ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਵਾਂ ਦੇ 50-50 ਐੱਮਪੀਜ਼ ਹਨ। ਮਹਾਦੋਸ਼ ਵਿਚ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ-ਤਿਹਾਈ ਵੋਟ ਯਾਨੀ 67 ਵੋਟਾਂ ਦੀ ਲੋੜ ਸੀ। ਜੇਕਰ ਕਿਸੇ ਕਾਰਨ ਟਾਈ ਦੀ ਸਥਿਤੀ ਬਣਦੀ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣਾ ਵੋਟ ਪਾਉਂਦੀ। ਉਧਰ, ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ ਮਹਾਦੋਸ਼ ਤੋਂ ਬਰੀ ਹੋਣਾ ਇਹ ਦਿਖਾਉਂਦਾ ਹੈ ਕਿ ਭਾਵੇਂ ਰਿਪਬਲਿਕਨ ਦਾ ਵ੍ਹਾਈਟ ਹਾਊਸ ਅਤੇ ਸੰਸਦ 'ਤੇ ਕੰਟਰੋਲ ਨਾ ਰਿਹਾ ਹੋਵੇ ਪ੍ਰੰਤੂ ਸਾਬਕਾ ਰਾਸ਼ਟਰਪਤੀ ਦੀ ਪਾਰਟੀ 'ਤੇ ਪਕੜ ਪਹਿਲੇ ਵਰਗੀ ਹੀ ਹੈ।