ਬੀਜਿੰਗ : ਚੀਨ ਨੇ ਬੀਬੀਸੀ ਵਰਲਡ ਨਿਊਜ਼ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਹੈ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ਨੇ ਕਿਹਾ ਹੈ ਕਿ ਬੀਬੀਸੀ ਵਰਲਡ ਨਿਊਜ਼ ਨੂੰ ਅਸੀਂ ਅਪਣੀ ਧਰਤੀ ’ਤੇ ਪ੍ਰਸਾਰਣ ਦੀ ਆਗਿਆ ਨਹੀਂ ਦੇਵਾਂਗੇ। ਚੀਨ ਨੇ ਇਸ ਦੇ ਪਿੱਛੇ ਬੀਬੀਸੀ ਦੀ ਸ਼ਿਨਜਿਆਂਗ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਕੀਤੀ ਗਈ ਗਲਤ ਰਿਪੋਰਟਿੰਗ ਨੂੰ ਕਾਰਨ ਦੱਸਿਆ ਹੈ। ਚੀਨ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਗਲਤ ਤਰ੍ਹਾਂ ਨਾਲ ਚੀਜ਼ਾ ਨੂੰ ਪੇਸ਼ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਫੇਕ ਨਿਊਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਚੀਨ ਨੇ ਇਹ ਵੀ ਕਿਹਾ ਕਿ ਜੇਕਰ ਬੀਬੀਸੀ ਨੇ ਅਪਣੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਤੋਂ ਬਾਅਦ ਵੀ ਪ੍ਰੋਗਰਾਮਾਂ ਦੀ ਗਲਤੀਆਂ ਨੂੰ ਸਹੀ ਨਹੀਂ ਕੀਤਾ ਤਾਂ ਬੀਬੀਸੀ ਪੱਤਰਕਾਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ ਸ਼ਿਨਜਿਆਾਂਗ ਵਿਚ ਮੁਸਲਮਾਨਾਂ ਦੇ ਨਾਲ ਵਰਤਾਰਾ ਅਤੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ਾਂ ਦਾ ਚੀਨ ਸਾਹਮਣਾ ਕਰ ਰਿਹਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਹਫਤੇ ਵੀ ਬੀਬੀਸੀ ਦੇ ਬੀਜਿੰਗ ਬਿਊਰੋ ਨੂੰ ਕਿਹਾ ਸੀ ਕਿ ਉਹ ਨਾਕਾਰਾਤਮਕ ਰਿਪੋਰਟਰਿੰਗ ਕਰ ਰਹੇ ਹਨ ਜਿਸ ਨੂੰ ਰੋਕਿਆ ਜਾਵੇ ਅਤੇ ਚੀਨ ਨਾਲ ਸਬੰਧਤ ਫੇਕ ਨਿਊਜ਼ ਦੇਣ ਦੇ ਲਈ ਉਹ ਮਾਫ਼ੀ ਮੰਗਣ, ਅਜਿਹਾ ਨਹੀਂ ਹੁੰਦਾ ਤਾਂ ਇਸ ਮਾਮਲੇ ਵਿਚ ਅੱਗੇ ਕਦਮ ਚੁੱਕਣ ਦਾ ਅਪਣਾ ਅਧਿਕਾਰ ਚੀਨ ਸੁਰੱਖਿਅਤ ਰਖਦਾ ਹੈ। ਜਿਸ ਤੋਂ ਬਾਅਦ ਹੁਣ ਇਹ ਕਾਰਵਾਈ ਹੋਈ ਹੈ।
ਬ੍ਰਿਟੇਨ ਨੇ ਵੀ ਇੱਕ ਹਫ਼ਤੇ ਪਹਿਲਾਂ ਚੀਨ ਦੇ ਸਰਕਾਰੀ ਟੀਵੀ ਚੈਨਲ ਦੇ ਪ੍ਰਸਾਰਣ ’ਤੇ ਰੋਕ ਲਗਾਈ ਹੈ। ਬ੍ਰਿਟੇਨ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਜਾਂਚ ਵਿਚ ਇਹ ਦੇਖਿਆ ਗਿਆ ਕਿ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ ਦਾ ਸੰਪਾਦਕੀ ’ਤੇ ਕੋਈ ਕੰਟਰੋਲ ਨਹੀਂ ਹੈ ਅਤੇ ਇਸ ਦਾ ਸਿੱਧਾ ਸਬੰਧ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨਾਲ ਹੈ।