Friday, November 22, 2024
 

ਚੰਡੀਗੜ੍ਹ / ਮੋਹਾਲੀ

ਆਰਸੈਨਿਕ ‘ਤੇ ਹੈਵੀ ਮੈਟਲ ਵਾਲੇ ਤੱਤਾਂ ਤੋਂ ਪ੍ਰਭਾਵਿਤ ਪਿੰਡਾਂ ਨੂੰ ਅਗਲੇ ਮਹੀਨੇ ਮਿਲੇਗਾ ਸ਼ੁੱਧ ਪਾਣੀ 👍

February 07, 2021 08:18 AM
ਚੰਡੀਗੜ੍ਹ : ਪੰਜਾਬ ਦੇ 9 ਜ਼ਿਲ੍ਹਿਆਂ ਦੇ ਜਿਹੜੇ ਪਿੰਡਾਂ ਵਿਚ ਪਾਣੀ ਆਰਸੈਨਿਕ ਜਾਂ ਹੈਵੀ ਮੈਟਲ/ਫਲੋਰਾਇਡ ਨਾਲ ਪ੍ਰਭਾਵਿਤ ਹੈ ਅਤੇ ਉੱਥੇ ਨਹਿਰੀ ਪਾਣੀ ਪਹੁੰਚਾਉਣਾ ਮੁਸ਼ਕਿਲ ਹੈ, ਉਨ੍ਹਾਂ ਪਿੰਡਾਂ ਵਿੱਚ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟ ਜਾਂ ਇੰਡੀਵੀਜ਼ੂਅਲ ਹਾਊਸਹੋਲਡ ਯੂਨਿਟ ਜਾਂ ਆਰ.ਓ. ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰੋਜੈਕਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਵਾਏ ਜਾ ਰਹੇ ਹਨ। ਮਾਰਚ 2021 ਤੱਕ ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਤਰਨ ਤਾਰਨ, ਕਪੁਰਥਲਾ, ਲੁਧਿਆਣਾ ਅਤੇ ਐਸ.ਬੀ.ਐਸ. ਨਗਰ ਦੇ ਕੁੱਲ 291 ਪਿੰਡਾਂ ਦੇ ਵਾਸੀਆਂ ਨੂੰ ਸ਼ੁੱਧ ਪੀਣਯੋਗ ਪਾਣੀ ਮਿਲੇਗਾ। ਜਦਕਿ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 102 ਪਿੰਡਾਂ ਵਿਚ ਪਹਿਲਾਂ ਹੀ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ 131 ਪਿੰਡ, ਜਿੱਥੋਂ ਦੇ ਪਾਣੀ ਵਿਚ ਆਰਸੈਨਿਕ ਤੱਤ ਹੈ, ਉਨ੍ਹਾਂ ਪਿੰਡਾਂ ਵਿਚ 38.62 ਕਰੋੜ ਰੁਪਏ ਦੀ ਲਾਗਤ ਨਾਲ ਆਰਸੈਨਿਕ ਅਤੇ ਆਇਰਨ ਰਿਮੁਵਲ ਪਲਾਂਟ ਲਗਾਏ ਜਾ ਰਹੇ ਹਨ। 102 ਪਿੰਡਾਂ ਵਿਚ 22.28 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰੋਜੈਕਟ ਪੂਰਾ ਵੀ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਿੰਡਾਂ ਦੀ 1 ਲੱਖ 38 ਹਜ਼ਾਰ 959 ਅਬਾਦੀ ਨੂੰ ਹੁਣ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਾਕੀ ਪਿੰਡਾਂ ਵਿਚ ਮਾਰਚ 2021 ਤੱਕ ਪ੍ਰੋਜੈਕਟ ਮੁਕੰਮਲ ਕਰ ਲਏ ਜਾਣਗੇ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਾਰੀ ਹਨ। 1 ਫਰਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਤਹਿਤ 255 ਕਰੋੜ ਰੁਪਏ ਦੀ ਲਾਗਤ ਨਾਲ 112 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਦਕਿ 52 ਕਰੋੜ ਤੋਂ ਵੀ ਜ਼ਿਆਦਾ ਦੇ 154 ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਨ੍ਹਾਂ ਤੋਂ ਇਲਾਵਾ 845.44 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵੱਖ-ਵੱਖ 1822 ਨੀਂਹ ਪੱਥਰ ਵੀ ਰੱਖੇ ਹਨ।
 

Have something to say? Post your comment

Subscribe