ਨਵੀਂ ਦਿੱਲੀ : ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਾਲ ਹੈ। ਦੀਪ ਸਿੱਧੂ ਦੇ ਫੇਸਬੁਕ ਅਕਾਊਂਟ ਤੋਂ ਲਗਾਤਾਰ ਵੀਡੀਓ ਪਾਏ ਜਾ ਰਹੇ ਹਨ, ਜਿਸ ਵਿੱਚ ਉਹ ਕਿਸਾਨ ਨੇਤਾਵਾਂ ਅਤੇ ਅੰਦੋਲਨ ਨੂੰ ਲੈ ਕੇ ਬਿਆਨਬਾਜ਼ੀ ਕਰ ਰਿਹਾ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਹੱਥ ਅਹਿਮ ਜਾਣਕਾਰੀ ਲੱਗੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਦੀਪ ਸਿੱਧੂ ਦਾ ਫੇਸਬੁਕ ਅਕਾਊਂਟ ਵਿਦੇਸ਼ ’ਚੋਂ ਚਲਾਇਆ ਜਾ ਰਿਹਾ ਹੈ। ਉਸ ਦੀ ਇੱਕ ਮਹਿਲਾ ਦੋਸਤ ਉਸ ਦੇ ਵੀਡੀਓ ਫੇਸਬੁਕ ’ਤੇ ਅਪਲੋਡ ਕਰਦੀ ਹੈ।
ਦੀਪ ਸਿੱਧੂ ਆਪਣੇ ਵੀਡੀਓ ਰਿਕਾਰਡ ਕਰਕੇ ਆਪਣੀ ਮਹਿਲਾ ਦੋਸਤ ਨੂੰ ਭੇਜਦਾ ਹੈ ਤੇ ਉਹ ਇਨ੍ਹਾਂ ਨੂੰ ਫੇਸਬੁਕ ’ਤੇ ਅਪਲੋਡ ਕਰ ਦਿੰਦੀ ਹੈ। ਦੀਪ ਸਿੱਧੂ ਦੀ ਭਾਲ ਵਿੱਚ ਕ੍ਰਾਈਮ ਬਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ’ਤੇ 1 ਲੱਖ ਤੋਂ ਲੈ ਕੇ 50 ਹਜ਼ਾਰ ਤੱਕ ਦਾ ਇਨਾਮ ਰੱਖਿਆ ਹੋਇਆ ਹੈ। ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਤ ਸਿੰਘ ’ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ, ਜਦਕਿ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।