ਕਾਨੂੰਨੀ ਢੰਗ ਨਾਲ ਦਰੁਸਤ ਪਾਏ ਗਏ ਉਮੀਦਵਾਰ ਐਲਾਨੇ ਜਾਣ ਜੇਤੂ - ਗੁਰਪ੍ਰੀਤ ਮਲੂਕਾ
ਬਠਿੰਡਾ : ਪਿਛਲੇ ਦਿਨੀ ਹੀ 11 ਜਨਵਰੀ ਨੂੰ ਮਲੂਕਾ ਸਹਿਕਾਰੀ ਸਭਾ ਦੀ ਹੋਈ ਚੋਣ ਦੇ ਮਾਮਲੇ ’ਚ ਮਾਣਯੋਗ ਹਾਈਕੋਰਟ ਵੱਲੋਂ ਮੌਕੇ ਤੇ ਮੌਜੂਦ ਡੀ.ਐਸ.ਪੀ ਫੂਲ, ਐਸ.ਐਚ.ਓ ਭਗਤਾ ਅਤੇ ਚੋਣ ਕਰਵਾਉਣ ਆਏ ਅਧਿਕਾਰੀ ਨੂੰ ਤਲਬ ਕੀਤਾ ਗਿਆ ਹੈ। ਜਿਕਰਯੋਗ ਹੈ ਕਿ 11 ਜਨਵਰੀ ਨੂੰ ਤਹਿ ਸਹਿਕਾਰੀ ਸਭਾ ਮਲੂਕਾ ਦੀ ਚੋਣ ਸਮੇਂ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ ਤੇ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾ ਨੂੰ ਸਭਾ ਦੇ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਸੀ। ਕਾਫੀ ਜੱਦੋ ਜਹਿਦ ਦੇ ਬਾਅਦ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 10 ਉਮੀਦਵਾਰਾ ਨੂੰ ਨਾਮਜਦਗੀ ਪੇਪਰ ਦਾਖਲ ਕਰਨ ਦਿੱਤੇ ਗਏ ਸਨ। ਉਸ ਮੌਕੇ ਕਾਂਗਰਸੀ ਉਮੀਦਵਾਰਾ ਦੇ ਨਾਮਜਦਗੀ ਪੇਪਰ ਅਤੇ ਕੁੱਝ ਹੋਰ ਦਸਤਾਵੇਜਾ ਦੇ ਨਾਲ ਡੀ.ਐਸ.ਪੀ ਅਤੇ ਐਸ.ਐਚ.ਓ ਚੋਣ ਅਧਿਕਾਰੀ ਨੂੰ ਬਿਨ੍ਹਾਂ ਚੋਣ ਪ੍ਰਕੀਰਿਆ ਮੁਕੰਮਲ ਕੀਤੇ ਨਾਲ ਲੈ ਕੇ ਚਲੇ ਗਏ ਸਨ। ਚੋਣ ਅਧਿਕਾਰੀ ਵੱਲੋਂ ਸਭਾ ਦੇ ਸੈਕਟਰੀ ਨੂੰ ਵਾਪਿਸ ਆ ਕੇ ਚੋਣ ਪ੍ਰਕੀਰਿਆ ਮੁਕੰਮਲ ਕਰਨ ਦਾ ਕਿਹਾ ਗਿਆ ਸੀ ਪਰ ਉਸ ਤੋਂ ਬਾਅਦ ਚੋਣ ਅਧਿਕਾਰੀ ਵਾਪਿਸ ਨਹੀ ਪਰਤੇ। ਕੁਝ ਦਿਨ ਬਾਅਦ ਹਲਕੇ ਨਾਲ ਸਬੰਧਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਆਪਣੇ ਪੱਧਰ ਤੇ ਕਾਂਗਰਸ ਨਾਲ ਸਬੰਧਤ ਉਮੀਦਵਾਰਾ ਨੂੰ ਜੇਤੂ ਕਰਾਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਹਾਈਕੋਰਟ ਪਹੁੰਚ ਕੀਤੀ ਗਈ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਵਿਚਾਰ ਕਰਨ ਤੋਂ ਬਾਅਦ ਡੀ.ਐਸ.ਪੀ ਫੂਲ. ਐਸ.ਐਚ.ਓ ਭਗਤਾ ਅਤੇ ਚੋਣ ਅਧਿਕਾਰੀ ਨੂੰ ਅਗਲੀ ਤਰੀਕ 19 ਫਰਵਰੀ ਨੂੰ ਤਲਬ ਕੀਤਾ ਗਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋ ਆਪਣੇ ਪੇਪਰ ਵਾਪਿਸ ਲਏ ਜਾਣ ਤੋਂ ਬਾਅਦ ਬਾਕੀ 9 ਉਮੀਦਵਾਰਾ ਵੱਲੋਂ ਸਭਾ ਦੇ ਸੈਕਟਰੀ ਕੋਲ ਕਾਨੂੰਨੀ ਢੰਗ ਨਾਲ ਨਾਮਜਦਗੀ ਪੇਪਰ ਦਾਖਲ ਕੀਤੇ ਹਨ ਉਹਨਾਂ ਨੂੰ ਜੇਤੂ ਕਰਾਰ ਦਿੱਤਾ ਜਾਵੇ। ਮਲੂਕਾ ਨੇ ਕਿਹਾ ਕਿ ਮਾਲ ਮੰਤਰੀ ਵੱਲੋਂ ਹਲਕੇ ਦੀਆਂ ਕਈ ਸਹਿਕਾਰੀ ਸਭਾ ਦੀਆਂ ਚੋਣਾਂ ਤੋਂ ਇਲਾਵਾ ਪੰਚਾਇਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਹੈ। ਮਲੂਕਾ ਸਹਿਕਾਰੀ ਸਭਾ ਦੀ ਚੌਣ ਤੇ ਵੀ ਪੁਲਿਸ ਪ੍ਰਸ਼ਾਸਨ ਦੀ ਧੱਕੇਸਾਹੀ ਨਾਂਲ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਲੂਕਾ ਨੇ ਮੰਗ ਕੀਤੀ ਕਿ ਜੇਕਰ ਮਾਨਯੋਗ ਉਚ ਅਦਾਲਤ ਸਹਿਕਾਰੀ ਸਭਾ ਦੀ ਚੌਣ ਦੁਆਰਾ ਕਰਵਾਉਣ ਦਾ ਫੈਸਲਾ ਕਰਦੀ ਹੈ ਤਾਂ ਇਹ ਚੋਣ ਅਦਾਲਤ ਵੱਲੋਂ ਨਾਮਜਦ ਕੀਤੇ ਗਏ ਭਰੋਸੇਯੋਗ ਅਧਿਕਾਰੀਆ ਦੀ ਦੇਖ-ਰੇਖ ਵਿਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਚੋਣ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਭੂਮਿਕਾ ਨਿਭਾਉਣ ਦੇ ਵੀ ਸਖਤ ਨਿਰਦੇਸ਼ ਜਾਰੀ ਹੋਣੇ ਚਾਹੀਦੇ ਹਨ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ।