ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਡਟੇ ਹੋਏ ਹਨ। ਕਿਸਾਨ ਅੰਦੋਲਨ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਕਿਸਾਨ ਭਵਨ ਤੋਂ ਪ੍ਰੈੱਸ ਕਾਨਫਰੰਸ ਕੀਤੀ। ਰਾਜੇਵਾਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ’ਚ ਕਿਸਾਨ ਅੰਦੋਲਨ ਲਿਖਿਆ ਜਾਵੇਗਾ। ਦੁਨੀਆ ਇਸ ਅੰਦੋਲਨ ਨੂੰ ਵੇਖ ਰਹੀ ਹੈ। ਉਨ੍ਹਾਂ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਭੜਕਾਹਟ ਵਿਚ ਨਾ ਆਉਣ, ਸ਼ਾਂਤੀ ਬਣਾ ਕੇ ਰੱਖਣ। ਅੰਦੋਲਨ ’ਚ ਕੋਈ ਛੋਟਾ ਜਾਂ ਵੱਡਾ ਨਹੀਂ ਹੈ। ਅਸੀਂ ਉੱਥੇ ਕੋਈ ਯੁੱਧ ਨਹੀਂ ਲੜ ਰਹੇ। ਸਾਨੂੰ ਸ਼ਾਂਤੀਮਈ ਰਹਿ ਕੇ ਇਹ ਅੰਦੋਲਨ ਜਿੱਤਣਾ ਹੈ। ਜੇਕਰ ਅਸੀਂ ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇ।
ਰਾਜੇਵਾਲ ਨੇ ਕਿਹਾ ਕਿ ਲਾਲ ਕਿਲ੍ਹੇ ਅਤੇ ਸਿੰਘੂ ਦੀ ਹਿੰਸਾ ਪਿੱਛੇ ਭਾਜਪਾ ਦਾ ਹੱਥ ਹੈ। 26 ਜਨਵਰੀ ਨੂੰ ਜੋ ਹੋਇਆ, ਉਹ ਗਲਤ ਸੀ ਪਰ ਹੁਣ ਅੰਦੋਲਨ ਹੋ ਤੇਜ਼ ਹੋ ਗਿਆ ਹੈ। ਰਾਕੇਸ਼ ਟਿਕੈਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਇੰਟਰਨੈੱਟ ਬੰਦ ਕਰਨਾ ਬੇਹੱਦ ਨਿੰਦਾਯੋਗ ਹੈ। ਇਸ ਕਰ ਕੇ ਸਾਡੀ ਜਾਣਕਾਰੀ ਲੋਕਾਂ ਤੱਕ ਨਹੀਂ ਜਾ ਰਹੀ। ਰਾਜੇਵਾਲ ਨੇ ਕਿਸਾਨ ਆਗੂਆਂ ’ਤੇ ਹੋਈ ਐੱਫ. ਆਈ. ਆਰ. ਨੂੰ ਲੈ ਕੇ ਜਵਾਬ ਦਿੱਤਾ ਕਿ ਅੰਦੋਲਨਾਂ ’ਚ ਕੇਸ ਹੀ ਹੁੰਦੇ ਹਨ, ਹਾਰ ਨਹੀਂ ਪੈਂਦੇ।