ਨਵੀਂ ਦਿੱਲੀ : ਨਵੀਂ ਦਿੱਲੀ ਦੇ ਲੁਟੀਅਨਜ਼ ਜ਼ੋਨ ਵਿਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਅੱਜ ਸ਼ਾਮ ਨੂੰ ਧਮਾਕਾ ਹੋਇਆ। ਜਾਂਚ ਲਈ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਪਹੁੰਚ ਗਿਆ ਹੈ। ਪੁਲਿਸ ਅਨੁਸਾਰ ਇਸ ਧਮਾਕੇ ਨਾਲ 4-5 ਕਾਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਫਿਲਹਾਲ ਘੱਟ ਤੀਬਰਤਾ ਦੇ ਇਸ ਧਮਾਕੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ। ਸੀਆਰਪੀਐਫ ਦੇ ਜਵਾਨ ਵੀ ਬੁਲਾਏ ਗਏ ਹਨ। ਆਲੇ ਦੁਆਲੇ ਕੋਈ ਹੋਰ ਵਿਸਫੋਟਕ ਹੈ ਜਾਂ ਨਹੀਂ ਇਸ ਬਾਰੇ ਪਤਾ ਲਗਾਉਣ ਲਈ ਕੁੱਤੇ ਦੀ ਟੀਮ ਨਾਲ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।
ਅੱਤਵਾਦ ਰੋਕੂ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਨਆਈਏ ਦੀ ਟੀਮ ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਹੈ। ਪਹਿਲੀ ਨਜ਼ਰ 'ਚ, ਇਹ ਆਈਈਡੀ (IED) ਧਮਾਕੇ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਧਿਆਨ ਯੋਗ ਹੈ ਕਿ ਸਾਲ 2012 ਵਿਚ ਵੀ ਇਜ਼ਰਾਈਲ ਦੇ ਦੂਤਾਵਾਸ ਦੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।