ਮੁਹਾਲੀ : ਪੁਲੀਸ ਵਲੋਂ ਦੁਕਾਨਾਂ-ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 50 ਲੱਖ ਰੁਪਏ ਦਾ ਚੋਰੀ ਦਾ ਸਾਮਾਨ ਸਮੇਤ 9 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਜੀਰਕਪੁਰ, ਮੁਹਾਲੀ ਦੇ ਦਰੀਆ ਵਿੱਚ ਵੱਡੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਰੇਕੀ ਕਰਕੇ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਚੋਰੀਆਂ ਕਰਦਾ ਸੀ।
ਐਸ ਪੀ ਹਰਵਿੰਦਰ ਸਿੰਘ ਵਿਰਕ ਅਤੇ ਡੀ ਐਸ ਪੀ ਸਿਟੀ 1 ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਗਿਰੋਹ ਨੂੰ ਜਿਲ੍ਹਾ ਪੁਲੀਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਮਟੌਰ ਦੇ ਮੁੱਖ ਅਫਸਰ ਇਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵਲੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਦੁਕਾਨਾਂ/ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਜਸਵੀਰ ਸਿੰਘ ਵਾਸੀ ਗੁਰੂ ਅੰਗਦ ਦੇਵ ਕਲੋਨੀ ਜੰਡੋਲੀ, ਰਾਜਪੁਰਾ, ਸਾਹਿਲ ਅਤੇ ਸੁਲਭ ਵਾਸੀ ਮਹਾਂਵੀਰ ਮੰਦਰ ਰਾਜਪੁਰਾ, ਸਾਹਿਲ ਵਾਸੀ ਗੁਰੂ ਅੰਗਦ ਦੇਵ ਕਲੋਨੀ ਪਿੰਡ ਜੰਡੋਰੀ, ਰਾਜਪੁਰਾ, ਇਸ਼ਾਂਤ ਖੰਨਾ ਉਰਫ ਈਸੂ ਵਾਸੀ ਵਾਰਡ ਨੰਬਰ 15 ਖਰੜ, ਸਾਹਿਬ ਸਿੰਘ ਉਰਫ ਸਾਹਿਬਪ੍ਰੀਤ ਸਿੰਘ ਵਾਸੀ ਨੇੜੇ ਕਿਲਾ ਕੰਪਲੈਕਸ ਖਰੜ ਨੂੰ ਕਾਬੂ ਕੀਤਾ ਗਿਆ ਹੈ ਜਿਹਨਾਂ ਦੀ ਪੁੱਛਗਿਛ ਤੋਂ ਇਹਨਾਂ ਵਲੋਂ ਚੋਰੀ ਕੀਤਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਨਰੇਸ਼ ਵਾਸੀ ਗਾਂਧੀ ਕਲੋਨੀ ਰਾਜਪੁਰਾ, ਮੁਨੀਸ਼ ਕੁਮਾਰ ਵਾਸੀ ਰਾਜਪੁਰਾ ਟਾਊਨ, ਸੰਜਮ ਸਿੰਧੀ ਵਾਸੀ ਗਲੀ ਨੰਬਰ 5 ਤ੍ਰਿਪੜੀ ਟਾਊਨ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਵਲੋਂ 4 ਮਹਿੰਦਰਾ ਪਿੱਕਅਪ ਗੱਡੀਆ ਚੋਰੀ ਕੀਤੀਆਂ ਗਈਆਂ ਸਨ ਜਿਸ ਵਿੱਚੋਂ 1 ਮਹਿੰਦਰਾ ਪਿੱਕਅਪ ਗੱਡੀ ਬਰਾਮਦ ਹੋਈ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਗਰੋਸਰੀ ਅਤੇ ਦਵਾਈਆਂ, ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਵਲੋਂ ਬਰਾਮਦ ਕੀਤੇ ਸਾਮਾਨ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ।