ਕਾਠਮੰਡੂ : ਨੇਪਾਲ ਵਿਚ ਪ੍ਰਚੰਡ ਧੜੇ ਤੇ ਪ੍ਰਧਾਨ ਮੰਤਰੀ ਓਲੀ ਦੀ ਪਾਰਟੀ ਵਿਚਕਾਰ ਕਈ ਦਿਨਾਂ ਤੋਂ ਰੇੜਕਾ ਚਲ ਰਿਹਾ ਸੀ। ਨੇਪਾਲ ਦੀ ਸਿਆਸਤ ਵਿਚ ਕਈ ਦਿਨਾਂ ਤੋਂ ਜਾਰੀ ਚੱਕ-ਥੱਲ ਦਰਮਿਆਨ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਵੰਡ ਵੱਲ ਵੱਧ ਰਹੀ ਹੈ। ਹੁਣ ਪ੍ਰਚੰਡ ਧੜੇ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਸਾਤ ਕਰ ਦਿੱਤਾ।
ਨੇਪਾਲ ਕਮਿਊਨਿਸਟ ਪਾਰਟੀ ਦੇ ਆਹਲਾ ਆਗੂਆਂ ਪੁਸ਼ਪ ਕਮਲ ਪ੍ਰਚੰਡ ਤੇ ਪ੍ਰਧਾਨ ਮੰਤਰੀ ਓਲੀ ਦਰਮਿਆਨ ਹਾਲ ਹੀ ਦੇ ਦਿਨਾਂ ਵਿਚ ਕਈ ਮੁੱਦਿਆਂ ’ਤੇ ਮਤਭੇਦ ਰਹੇ ਹਨ। ਓਲੀ ਵੱਲੋਂ ਸੰਸਦ ਭੰਗ ਕੀਤੇ ਜਾਣ ਪਿੱਛੋਂ ਦੋਵੇਂ ਆਗੂ ਖੁੱਲ੍ਹ ਕੇ ਆਹਮਣੇ ਸਾਹਮਣੇ ਆ ਗਏ ਹਨ। ਦੱਸਿਆ ਜਾ ਰਿਹਾ ਕਿ ਪਾਰਟੀ ਦੀ ਲੀਡਰਸ਼ਿਪ ਨੇ ਓਲੀ ਤੋਂ ਉਨ੍ਹਾਂ ਦੇ ਹਾਲ ਹੀ ਦੇ ਕਦਮਾਂ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਇਸ ਦਾ ਜਵਾਬ ਦੇਣ ਵਿਚ ਅਸਫਲ ਰਹਿਣ ਤੋਂ ਬਾਅਦ ਸਥਾਈ ਕਮੇਟੀ ਦੀ ਮੀਟਿੰਗ ਵਿਚ ਓਲੀ ਨੂੰ ਪਾਰਟੀ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਪ੍ਰਚੰਡ ਧੜੇ ਨੇ ਓਲੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਦੱਸਦੇ ਚਲੀਏ ਕਿ ਪ੍ਰਚੰਡ ਦੇ ਨਾਲ ਚਲ ਰਹੇ ਸੱਤਾ ਸੰਘਰਸ਼ ਵਿਚ ਪਿਛਲੇ 20 ਦਸੰਬਰ ਨੂੰ ਓਲੀ ਨੇ ਸੰਸਦ ਨੂੰ ਭੰਗ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਦੇਸ਼ ਵਿਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ।