ਮੋਹਾਲੀ ਜ਼ਿਲ੍ਹੇ ਦੇ ਸਰਾਕਰੀ ਸਕੂਲਾਂ ਦੀਆਂ 21 ਹਜ਼ਾਰ ਲੜਕੀਆਂ ਨੂੰ ਫਾਇਦਾ
ਐਸ.ਏ.ਐਸ. ਨਗਰ : ਕੌਮੀ ਬਾਲੜੀ ਦਿਵਸ ਦੇ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੇ ਮਨੋਬਲ ਵਿੱਚ ਆਏ ਸੁਧਾਰ ਬਾਰੇ ਜਾਣਕਾਰੀ ਸਾਂਝੀ ਕਰਦਿਆ ਸ੍ਰੀਮਤੀ ਰਵਿੰਦਰ ਕੌਰ ਡਿਪਟੀ ਡੀ.ਈ.ਓ. (ਐਲੀਮੈਂਟਰੀ) ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ ਦੇ ਮਿਡਲ, ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲਾਂ ਵਿੱਚ ਸੈਨਟਰੀ ਪੈਡ ਵੈਡਿੰਗ ਅਤੇ ਇੰਨਸਨਰੇਟਰ ਮਸ਼ੀਨਾਂ ਲਗਾਉਣ ਦਾ ਕੰਮ ਪ੍ਰਗਤੀ ਹੇਠ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 210 ਸਕੂਲਾਂ ਵਿਚੋਂ 80 ਫੀਸਦੀ ਸਕੂਲਾਂ ਵਿੱਚ ਇਹ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।ਇਨ੍ਹਾਂ ਮਸ਼ੀਨਾਂ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 21 ਹਜ਼ਾਰ ਦੇ ਕਰੀਬ ਲੜਕੀਆਂ ਨੂੰ ਫਾਇਦਾ ਹੋਇਆ ਹੈ।
ਸ੍ਰੀਮਤੀ ਰਵਿੰਦਰ ਕੌਰ ਨੇ ਭਾਵੁਕ ਹੁੰਦੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਮਾਹਵਾਰੀ ਸਬੰਧੀ ਕਈ ਅੰਧਵਿਸ਼ਵਾਸ਼ ਜੁੜੇ ਹਨ ਜਿਨ੍ਹਾਂ ਦੇ ਚੱਲਦਿਆ
ਲਕੜੀਆਂ ਨੂੰ ਅਪਵਿੱਤਰ ਸਮਝਿਆਂ ਜਾਂਦਾ ਸੀ ਅਤੇ ਉਨ੍ਹਾਂ ਨਾਲ ਭੇਦ ਭਾਵ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਮਾਹਵਾਰੀ ਦੇ ਕਾਰਨ ਲੜਕੀਆਂ ਦੀ ਸਕੂਲਾਂ ਵਿੱਚ ਹਾਜ਼ਰੀ ਘੱਟ ਜਾਂਦੀ ਹੈ ਅਤੇ ਕਈ ਵਾਰ ਤਾਂ ਮਾਪੇ ਬੱਚੀਆਂ ਨੂੰ ਅਗਿਆਨਤਾ ਦੇ ਚੱਲਦਿਆ ਸਕੂਲੋਂ ਹੀ ਉਠਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸੈਨਟਰੀ ਪੈਡ ਵੈਡਿੰਗ ਅਤੇ ਇੰਨਸਨਰੇਟਰ ਮਸ਼ੀਨਾਂ ਦੇ ਸਕੂਲਾਂ ਵਿੱਚ ਲੱਗਣ ਨਾਲ ਵਿਦਿਆਰਥਣਾਂ ਦਾ ਆਤਮ ਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹ ਮਸ਼ੀਨਾਂ ਲੜਕੀਆਂ ਨਾਲ ਮਾਹਵਾਰੀ ਦੌਰਾਨ ਕੀਤੇ ਜਾ ਰਹੇ ਭੇਦ ਭਾਵ ਦੀ ਸਮਾਜਿਕ ਕੁਰੀਤੀ ਨੂੰ ਠਲ ਪਾਉਣ ਵਿੱਚ ਸਹਾਈ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਸ਼ਾ ਵਰਕਰਾਂ ਅਤੇ ਡਾਕਟਰਾਂ ਵੱਲੋਂ ਮਾਹਵਾਰੀ ਦੌਰਾਨ ਸਾਫ ਸਫਾਈ ਅਤੇ ਸਿਹਤ ਸੰਭਾਲ ਸਬੰਧੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਨ੍ਹਾਂ ਡਾਕਟਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਮਿੱਥੇ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪਹੁੰਚ ਕਰਕੇ ਲੜਕੀਆਂ ਨੂੰ ਮਾਹਵਾਰੀ ਦੌਰਾਨ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਬਣਾਏ ਰੱਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ।
ਕੁਝ ਵਰੇ ਪਹਿਲਾਂ ਲੜਕੀਆਂ ਘਰਾਂ ਵਿੱਚ ਉਪਲਬਧ ਕਪੜੇ ਦੇ ਨੈਪਕੀਨਾਂ ਦੀ ਵਰਤੋਂ ਕਰਦੀਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਇੰਨਫੈਕਸ਼ਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਅਜੋਕੇ ਯੁਗ ਵਿੱਚ ਸੈਨਟਰੀ ਨੈਪਕੀਨ ਵਰਗੇ ਉਤਪਾਦ ਬਜ਼ਾਰ ਵਿੱਚ ਉਪਲਬਧ ਹਨ ਪਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਕਈ ਵਾਰ ਝਿਜ਼ਕ ਕਾਰਨ ਅਤੇ ਕਈ ਵਾਰ ਪੈਸਿਆ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰਥ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੈਨਟਰੀ ਪੈਡਾਂ ਨੂੰ ਮੁਫਤ ਉਪਲਬਧ ਕਰਵਾਏ ਜਾਣ ਨਾਲ ਲੜਕੀਆਂ ਦੀ ਸਿਹਤ ਅਤੇ ਮਨੋਬਲ ਦੋਨਾਂ ਵਿੱਚ ਸੁਧਾਰ ਆਇਆ ਹੈ। ਜਿੱਥੇ ਸੈਨਟਰੀ ਨੈਪਕੀਨ ਨਾਲ ਉਨ੍ਹਾਂ ਨੂੰ ਨਿੱਜੀ ਸਾਫ ਸਫਾਈ ਰੱਖਣ ਵਿੱਚ ਮਦਦ ਮਿਲੀ ਹੈ ਉੱਥੇ ਇੰਨਸਨਰੇਟਰ ਮਸ਼ੀਨਾਂ ਨਾਲ ਸੈਨਟਰੀ ਨੈਪਕੀਨਾਂ ਦਾ ਸਹੀ ਢੰਗ ਨਾਲ , ਪ੍ਰਦੂਸ਼ਣ ਮੁਕਤ ਨਿਪਟਾਰਾ ਹੋ ਜਾਂਦਾ ਹੈ।