ਵਾਸ਼ਿੰਗਟਨ : ਸਹੁੰ ਚੁੱਕ ਕੇ ਜੋਅ ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ। ਦੇਸ਼ ਦੇ ਚੀਫ ਜਸਟਿਸ ਜੋਹਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਦਿਵਾਈ। ਬਾਈਡਨ ਨੇ 128 ਸਾਲ ਪੁਰਾਣੀ ਬਾਈਬਲ ’ਤੇ ਹੱਥ ਰੱਖ ਕੇ ਸਹੁੰ ਚੁੱਕੀ। 78 ਸਾਲਾ ਬਾਈਡਨ ਸਭ ਤੋਂ ਜ਼ਿਆਦਾ ਉਮਰ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਉਪ ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਨੇ ਸਹੁੰ ਚੁਕਵਾਈ। ਦੂਜੇ ਪਾਸੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵਾਈਟ ਹਾਊਸ ਛੱਡ ਕੇ ਚਲੇ ਗਏ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਪਰੰਪਰਾਵਾਂ ਨਿਭਾਈਆਂ। ਸਹੁੰ ਚੁੱਕਣ ਦੌਰਾਨ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਰਾਕ ਓਬਾਮਾ, ਬਿੱਲ ਕਲਿੰਟਨ, ਰਿਪਬਲਿਕ ਨੇਤਾ ਮੈਕਾਰਥੀ ਤੇ ਮੈਕੋਨਲ ਮੌਜੂਦ ਸਨ।