ਦੋ ਵਾਰ ਕੀਤਾ ਅਗ਼ਵਾ, ਪੰਜ ਦਿਨਾਂ ’ਚ ਦੋ ਵਾਰ ਸਮੂਹਕ ਜਬਰ ਜਨਾਹ
ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਉਮਰੀਆ ਜਿਲ੍ਹੇ ਵਿਚ 13 ਸਾਲਾ ਇਕ ਲੜਕੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੋ ਵਾਰ ਅਗ਼ਵਾ ਕਰ ਕੇ ਕਥਿਤ ਰੂਪ ਨਾਲ 9 ਲੋਕਾਂ ਵਲੋਂ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਸੱਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਇਕ ਪੁਲਿਸ ਅਧਿਕਾਰੀ ਨੇ ਦਿਤੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੀੜਤ ਦੀ ਮਾਂ ਨੇ 14 ਜਨਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸ਼ੁਕਰਵਾਰ ਨੂੰ ਸੱਤ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਲੜਕੀ ਨੂੰ ਚਾਰ ਜਨਵਰੀ ਨੂੰ ਉਸ ਨੂੰ ਜਾਣਨ ਵਾਲੇ ਇਕ ਵਿਅਕਤੀ ਨੇ ਸਥਾਨਕ ਮਾਰਕੀਟ ਤੋਂ ਅਗ਼ਵਾ ਕੀਤਾ ਅਤੇ ਸੁਨਸਾਨ ਥਾਂ ਉੱਥੇ ਲੈ ਗਿਆ, ਜਿਥੇ ਅਗ਼ਵਾ ਕਰਨ ਵਾਲੇ ਵਿਅਕਤੀ ਅਤੇ 6 ਹੋਰ ਲੋਕਾਂ ਨੇ ਕਥਿਤ ਤੌਰ ਉੱਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਪੰਜ ਜਨਵਰੀ ਨੂੰ ਉਸ ਨੂੰ ਰਿਹਾਅ ਕਰ ਦਿਤਾ।
ਅਧਿਕਾਰੀ ਨੇ ਕਿਹਾ ਕਿ ਦੋਸ਼ੀ ਲੜਕੀ ਨੂੰ ਧਮਕੀ ਦਿੰਦੇ ਹਨ ਕਿ ਜੇ ਉਸ ੇਨੇ ਕਿਸੇ ਨੂੰ ਇਸ ਘਟਨਾ ਬਾਰੇ ਦਸਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਲਈ ਉਹ ਡਰ ਗਈ ਅਤੇ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀੜਤ ਲੜਕੀ ਨੂੰ 11 ਜਨਵਰੀ ਨੂੰ ਇਕ ਦੋਸ਼ੀ ਨੇ ਮੁੜ ਅਗ਼ਵਾ ਕਰ ਲਿਆ ਸੀ।
ਅਧਿਕਾਰੀ ਨੇ ਕਿਹਾ ਕਿ ਉਸ ਨੂੰ ਫਿਰ ਇਕ ਉਜਾੜ ਜਗ੍ਹਾ ਲੈ ਜਾਇਆ ਗਿਆ, ਜਿਥੇ ਪਿਛਲੀ ਘਟਨਾ ਦੇ ਤਿੰਨ ਦੋਸ਼ੀਆਂ ਅਤੇ ਦੋ ਅਣਪਛਾਤੇ ਟਰੱਕ ਚਾਲਕਾਂ ਸਣੇ ਪੰਜ ਲੋਕਾਂ ਨੇ ਉਸ ਦਿਨ ਅਤੇ 12 ਜਨਵਰੀ ਨੂੰ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਸੀ। ਇਸ ਦੌਰਾਨ ਲੜਕੀ ਦੇ ਪਰਵਾਰ ਵਾਲਿਆਂ ਨੇ 11 ਜਨਵਰੀ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਨੇ ਕਿਹਾ ਕਿ ਲੜਕੀ ਬਾਅਦ ਵਿਚ ਉਸ ਦੇ ਚੁੰਗਲ ਵਿਚੋਂ ਬਚ ਗਈ ਅਤੇ ਕਿਸੇ ਤਰ੍ਹਾਂ ਘਰ ਪਹੁੰਚੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ 14 ਜਨਵਰੀ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੂਜੇ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਇਸ ਸਬੰਧ ਵਿਚ ਕੋਤਵਾਲੀ ਪੁਲਿਸ ਨੇ ਵੱਖ-ਵੱਖ ਸਬੰਧਤ ਧਾਰਾਵਾਂ ਅਤੇ ਪੋਕਸੋ ਐਕਟ ਅਧੀਨ ਧਾਰਾ 376 (ਬਲਾਤਕਾਰ) ਅਤੇ 366-ਏ ਦੇ ਤਹਿਤ ਕੇਸ ਦਰਜ ਕੀਤਾ ਹੈ।