ਚੰਡੀਗੜ੍ਹ : ਪਾਪੁਲਰ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਨਵੀਂ ਪਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਪਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ। ਇਸ ਲਈ ਉਪਭੋਗਤਾਵਾਂ ਨੂੰ ਪਾਲਿਸੀ ਦੀਆਂ ਸ਼ਰਤਾਂ ਨੂੰ ਸਮਝਣ ਦਾ ਸਮਾਂ ਦਿੱਤਾ ਜਾ ਰਿਹਾ ਹੈ। ਵਟਸਐਪ ਨੇ ਇਹ ਵੀ ਕਿਹਾ ਹੈ ਕਿ ਪਰਾਈਵੇਸੀ ਪਾਲਿਸੀ ਦੇ ਅਧਾਰ 'ਤੇ ਕਦੇ ਵੀ ਅਕਾਊਂਟ ਨੂੰ ਹਟਾਉਣ ਦੀ ਯੋਜਨਾ ਨਹੀਂ ਬਣਾਈ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਯੋਜਨਾ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਟਸਐਪ 8 ਫਰਵਰੀ 2021 ਨੂੰ ਆਪਣੀਆਂ ਟਰਮਸ ਓਫ ਸਰਵਿਸ ਨੂੰ ਅਪਡੇਟ ਕਰਨ ਜਾ ਰਿਹਾ ਹੈ। ਜੇ ਵਟਸਐਪ ਉਪਭੋਗਤਾ ਇਸ ਨਾਲ ਸਹਿਮਤ ਨਹੀਂ ਹਨ ਤਾਂ ਉਹ ਵਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਪਰ ਹੁਣ ਕੰਪਨੀ ਨੇ ਇਸ ਸਬੰਧੀ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ, '8 ਫਰਵਰੀ ਨੂੰ ਕਿਸੇ ਨੂੰ ਵੀ ਵਟਸਐਪ ਅਕਾਊਂਟ ਨੂੰ ਸਸਪੈਂਡ ਜਾਂ ਡਿਲੀਟ ਨਹੀਂ ਕਰਨਾ ਪਵੇਗਾ। ਵਟਸਐਪ 'ਤੇ ਪਰਾਈਵੇਸੀ ਪਾਲਿਸੀ ਅਤੇ ਸੁਰੱਖਿਆ ਕਿਵੇਂ ਕੰਮ ਕਰਦੇ ਹਨ ਇਸ ਬਾਰੇ ਜਾਣਕਾਰੀ ਦੇਣ ਲਈ ਅਸੀਂ ਬਹੁਤ ਕੁਝ ਕਰਨ ਜਾ ਰਹੇ ਹਾਂ। ਕੰਪਨੀ ਨੇ ਕਿਹਾ ਕਿ 15 ਮਈ ਨੀ ਨਵੇਂ ਅਪਡੇਟ ਆਪਸ਼ਨ ਉਪਲਬਧ ਹੋਣ ਤੋਂ ਪਹਿਲਾਂ ਅਸੀਂ ਆਪਣੀ ਪਾਲਿਸੀ ਬਾਰੇ ਲੋਕਾਂ ਦੇ ਵਹਿਮ ਦੂਰ ਕਰ ਦੇਵਾਂਗੇ।'