ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਅਪਣੀ 14 ਸਾਲ ਦੀ ਧੀ ਅਤੇ ਬਜ਼ੁਰਗ ਸੱਸ ਦਾ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਖ਼ੁਦ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿਚ ਸ਼ੋਡੈਕ ਕਸਬੇ ਵਿਚ ਅਪਣੇ ਘਰ ਵਿਚ ਭੂਪਿੰਦਰ ਸਿੰਘ ਨੇ ਅਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿਤੀ।
ਨਿਊਯਾਰਕ ਪੁਲਿਸ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚਲਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਹਾਂ ਨੂੰ ਬੁਧਵਾਰ ਰਾਤ ਕਰੀਬ ਸਾਢੇ 9 ਵਜੇ ਘਰੇਲੂ ਹਿੰਸਾ ਦੌਰਾਨ ਗੋਲੀ ਲੱਗੀ। ਇਕ ਹੋਰ ਬੀਬੀ ਰਸਪਾਲ ਕੌਰ ਦੇ ਹੱਥ ਵਿਚ ਗੋਲੀ ਲੱਗੀ ਹੈ ਪਰ ਉਹ ਬਚ ਨਿਕਲਣ ਵਿਚ ਸਮਰਥ ਰਹੀ। ਪੁਲਿਸ ਨੇ ਦਸਿਆ ਕਿ ਰਸਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।