ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੱਤਰਕਾਰ ਰਵੀ ਸ਼ਰਮਾ ਆਜ਼ਾਦ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਜੋ ਅੱਜ ਸਵੇਰੇ ਸੰਖੇਪ ਬੀਮਾਰੀ ਪਿਛੋਂ ਭਵਾਨੀਗੜ (ਸੰਗਰੂਰ) ਵਿਖੇ ਵਿਛੋੜਾ ਦੇ ਗਏ। ਆਪਣੇ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਰਵੀ ਸ਼ਰਮਾ ਨੂੰ ਇੱਕ ਸਮਰਪਿਤ ਪੱਤਰਕਾਰ ਅਤੇ ਬਿਹਤਰੀਨ ਇਨਸਾਨ ਦੱਸਿਆ ਜੋ ਕਿ ਆਪਣੇ ਕਿੱਤੇ ਦੇ ਅਸੂਲਾਂ ਨੂੰ ਪੂਰੀ ਤਰਾਂ ਪ੍ਰਣਾਏ ਸਨ ਅਤੇ ਪ੍ਰੈਸ ਦੀ ਆਜ਼ਾਦੀ ਲਈ ਆਪਣੇ ਸਮੁੱਚੇ ਕੈਰੀਅਰ ਦੌਰਾਨ ਆਪਣੇ ਫਰਜ਼ ਬੇਖੌਫ ਹੋ ਕੇ ਨਿਭਾਉਂਦੇ ਰਹੇ।
ਜ਼ਿਕਰਯੋਗ ਹੈ ਕਿ ਆਜ਼ਾਦ, ਸੀ.ਐਨ.ਐਨ-ਆਈ.ਬੀ.ਐਨ ਖਬਰ ਚੈਨਲ ਦੇ ਪੱਤਰਕਾਰ ਵਜੋਂ ਸੰਗਰੂਰ ਵਿਖੇ ਸੇਵਾਵਾਂ ਨਿਭਾ ਰਹੇ ਸਨ। ਮਿ੍ਰਤਕ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਿਛੇ ਰਹਿ ਗਏ ਸਾਕ-ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਰਵੀ ਸ਼ਰਮਾ ਆਜ਼ਾਦ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ, ਰਵੀ ਸ਼ਰਮਾ ਆਜ਼ਾਦ ਵੱਲੋਂ ਪੱਤਰਕਾਰੀ ਦੇ ਕਿੱਤੇ ਵਿੱਚ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਯਾਦ ਕੀਤਾ ਜੋ ਕਿ ਪੱਤਰਕਾਰ ਭਾਈਚਾਰੇ ਵੱਲੋਂ ਸਦਾ ਹੀ ਯਾਦ ਰੱਖੀਆਂ ਜਾਣਗੀਆਂ।