ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਛੇ ਜ਼ਿਲਿਆਂ ’ਚ 1249 ਕਰੋੜ ਰੁਪਏ ਦੇ 11 ਨਹਿਰੀ ਪਾਣੀ ਆਧਾਰਤ ਪ੍ਰਾਜੈਕਟਾਂ ’ਤੇ ਕੰਮ ਜਾਰੀ: ਰਜ਼ੀਆ ਸੁਲਤਾਨਾ
ਪ੍ਰਾਜੈਕਟ ਮੁਕੰਮਲ ਹੋਣ ’ਤੇ ਤਕਰੀਬਨ 1200 ਪਿੰਡਾਂ ਦੇ ਤਿੰਨ ਲੱਖ ਤੋਂ ਵੱਧ ਘਰਾਂ ਨੂੰ ਮਿਲੇਗਾ ਲਾਭ
ਚੰਡੀਗੜ੍ਹ : ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਜਾਂਚ ਅਤੇ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਮਾਲਵਾ ਬੈਲਟ ਦੇ ਕੁਝ ਖੇਤਰ ਯੂਰੇਨੀਅਮ ਅਤੇ ਫਲੋਰਾਈਡ ਨਾਲ ਜਦੋਂਕਿ ਮਾਝੇ ਦੇ ਕੁੱਝ ਪਿੰਡ ਆਰਸੇਨਿਕ ਨਾਲ ਪ੍ਰਭਾਵਿਤ ਹਨ। ਹੁਣ ਤੱਕ, 815 ਆਬਾਦੀਆਂ ਆਰਸੈਨਿਕ, 319 ਆਬਾਦੀਆਂ ਫਲੋਰਾਈਡ ਅਤੇ 252 ਆਬਾਦੀਆਂ ਯੂਰੇਨੀਅਮ ਨਾਲ ਪ੍ਰਭਾਵਿਤ ਹਨ। ਰਾਜ ਦੇ ਅਜਿਹੇ ਖ਼ਰਾਬ ਪਾਣੀ ਵਾਲੇ ਪਿੰਡਾਂ ਨੂੰ ਸਾਫ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅਜਿਹੇ ਪਿੰਡਾਂ ਨੂੰ ਨਹਿਰਾਂ ਤੋਂ ਪਾਣੀ ਲੈ ਕੇ ਸਾਫ ਪਾਣੀ ਸਪਲਾਈ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਨੇ ਛੇ ਜ਼ਿਲਿਆਂ ਮੋਗਾ, ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ ਅਤੇ ਫਤਿਹਗੜ ਸਾਹਿਬ ਵਿੱਚ 11 ਨਹਿਰੀ-ਪਾਣੀ ਆਧਾਰਤ ਜਲ ਸਪਲਾਈ ਪ੍ਰਾਜੈਕਟ ਸ਼ੁੁਰੂ ਕੀਤੇ ਹਨ, ਜਿਨਾਂ ਵਿੱਚੋਂ ਮੋਗਾ ਜ਼ਿਲੇ ਦਾ ਪ੍ਰਾਜੈਕਟ ਇਸ ਮਹੀਨੇ ਚਾਲੂ ਹੋ ਜਾਵੇਗਾ ਅਤੇ ਬਾਕੀ 9 ਪ੍ਰਾਜੈਕਟ ਦਸੰਬਰ 2022 ਤੱਕ ਲਾਗੂ ਕਰ ਦਿੱਤੇ ਜਾਣਗੇ। ਇਨਾਂ ’ਚੋਂ ਇੱਕ ਪ੍ਰਾਜੈਕਟ ਮਾਰਚ, 2022 ਤੱਕ ਮੁਕੰਮਲ ਹੋ ਜਾਏਗਾ। ਇਹ ਪ੍ਰਾਜੈਕਟ ਮੁਕੰਮਲ ਹੋਣ ’ਤੇ ਮੋਗਾ, ਪਟਿਆਲਾ, ਫਤਿਹਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਤਕਰੀਬਨ 1200 ਪਿੰਡਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਗੇ। ਵਿਭਾਗ ਵੱਲੋਂ ਖ਼ਰਾਬ ਪਾਣੀ ਵਾਲੇ ਪਿੰਡਾਂ ਵਿੱਚ ਕਮਿਊਨਿਟੀ ਵਾਟਰ ਟਰੀਟਮੈਂਟ ਪਲਾਂਟ/ਆਰ.ਓ. ਪਲਾਂਟ ਲਗਾ ਕੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਇਸ ਬਾਬਤ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲਂੋ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਜਿੱਥੇ ਕਿਤੇ ਪਾਣੀ ਦੇ ਦੂਸ਼ਿਤ ਹੋਣ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ, ਉੱਥੇ ਲੋਕਾਂ ਨੂੰ ਵਾਟਰ ਟਰੀਟਮੈਂਟ ਪਲਾਂਟਾਂ ਰਾਹੀ ਪੀਣ ਵਾਲੇ ਸਾਫ ਪਾਣੀ ਦੀ ਸਹੁਲਤ ਮੁਹੱਈਆ ਕਰਵਾਈ ਜਾਂਦੀ ਹੈ। ਨਹਿਰੀ ਪਾਣੀ ਅਧਾਰਤ ਮੋਗਾ, ਪਟਿਆਲਾ, ਫਤਹਿਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਵਿਚ 11 ਪ੍ਰੋਜੈਕਟ ਚੱਲ ਰਹੇ ਹਨ ਜਿਨਾਂ ਦੀ ਕੁੱਲ ਲਾਗਤ 1249 ਕਰੋੜ ਰੁਪਏ ਹੈ। ਇਨਾਂ ਪ੍ਰੋਜੈਕਟਾਂ ਦੇ ਪੂਰਾ ਹੋ ਜਾਣ ਨਾਲ ਕੁੱਲ 1205 ਪਿੰਡਾਂ ਦੇ 3 ਲੱਖ 9 ਹਜ਼ਾਰ 302 ਘਰਾਂ ਨੂੰ ਲਾਭ ਪੁੱਜੇਗਾ।
ਤਫਸੀਲ ਦਿੰਦਿਆਂ ਉਨਾਂ ਦੱਸਿਆ ਕਿ ਮੋਗਾ ਜ਼ਿਲੇ ਵਿਚ ਚੱਲ ਰਿਹਾ ਪ੍ਰੋਜੈਕਟ ਫਰਵਰੀ 2017 ਵਿਚ ਸ਼ੁਰੂ ਕੀਤਾ ਗਿਆ ਸੀ ਜੋ ਕਿ ਇਸ ਮਹੀਨੇ ਤੱਕ ਪੂਰਾ ਕਰਨ ਦਾ ਟੀਚਾ ਹੈ ਅਤੇ ਇਸ ਦਾ ਟਰਾਇਲ 25 ਜਨਵਰੀ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਜੈਕਟ 230 ਕਰੋੜ ਰੁਪਏ ਦਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜ਼ਿਲੇ ਦੇ ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਬਲਾਕਾਂ ਦੇ 85 ਪਿੰਡਾਂ ਦੇ 67000 ਘਰਾਂ ਨੂੰ ਸ਼ੁੱਧ ਪਾਣੀ ਮਿਲੇਗਾ।
ਇਸੇ ਤਰਾਂ ਪਟਿਆਲਾ ਅਤੇ ਫਤਹਿਗੜ ਸਾਹਿਬ ਦੇ 408 ਪਿੰਡਾਂ ਦੇ 84000 ਘਰਾਂ ਨੂੰ ਸ਼ੁੱਧ ਪਾਣੀ ਦੇਣ ਲਈ 3 ਪ੍ਰੋਜੈਕਟ ਜੁਲਾਈ 2020 ਵਿਚ ਸ਼ੁਰੂ ਕੀਤੇ ਗਏ ਸਨ ਜੋ ਕਿ ਦਸੰਬਰ 2022 ਤੱਕ ਮੁਕੰਮਲ ਹੋਣਗੇ। ਇਹ ਪ੍ਰੋਜੈਕਟ 376 ਕਰੋੜ ਰੁਪਏ ਦੇ ਹਨ।ਇਸ ਪ੍ਰੋਜੈਕਟ ਅਧੀਨ ਤਿੰਨ ਵੱਖਰੇ-ਵੱਖਰੇ ਵਾਟਰ ਟਰੀਟਮੈਂਟ ਪਲਾਂਟ ਪਿੰਡ ਮੰਡੋਲੀ (39 ਐਮਐਲਡੀ), ਪਾਬਰਾ (18 ਐਮਐਲਡੀ) ਅਤੇ ਨਾਨੋਵਾਲ (12 ਐਮਐਲਡੀ) ਵਿਚ ਬਣਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਅੰਮਿ੍ਰਤਸਰ ਜ਼ਿਲੇ ਵਿਚ 390 ਕਰੋੜ ਰੁਪਏ ਦੀ ਲਾਗਤ ਨਾਲ 4 ਪ੍ਰੋਜੈਕਟ ਚੱਲ ਰਹੇ ਹਨ। ਇਹ ਪ੍ਰੋਜੈਕਟ ਦਸੰਬਰ 2022 ਤੱਕ ਮੁਕੰਮਲ ਹੋਣ ਦਾ ਟੀਚਾ ਹੈ। ਇਨਾਂ ਪ੍ਰੋਜੈਕਟਾਂ ਦੇ ਪੂਰਾ ਹੋ ਜਾਣ ਤੋਂ ਬਾਅਦ 269 ਪਿੰਡਾਂ ਦੇ 98033 ਘਰਾਂ ਨੂੰ ਲਾਭ ਪੁੱਜੇਗਾ।ਇਸ ਪ੍ਰੋੋਜੈਕਟ ਅਧੀਨ ਵਾਟਰ ਟਰੀਟਮੈਂਟ ਪਲਾਂਟ ਪਿੰਡ ਚਵਿੰਡਾ ਕਲਾਂ (21.2 ਐਮਐਲਡੀ), ਕੰਦੋਵਾਲੀ (36.3 ਐਮਐਲਡੀ), ਸਗਣਾ (10.4 ਐਮਐਲਡੀ) ਅਤੇ ਗੋੋਸਲਅਫਗਾਨਾ (11.5 ਐਮਐਲਡੀ) ਵਿਖੇ ਬਣਾਏ ਜਾਣਗੇ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਅਨੁਸਾਰ ਤਰਨ ਤਾਰਨ ਜ਼ਿਲੇ ਵਿਚ ਚੱਲ ਰਹੇ 130 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ 99 ਪਿੰਡਾਂ ਦੇ 35200 ਘਰਾਂ ਨੂੰ ਸ਼ੁੱਧ ਪਾਣੀ ਮੁਹੱਈਆ ਹੋਵੇਗਾ। ਇਹ ਪ੍ਰੋਜੈਕਟ ਦਸੰਬਰ 2020 ਵਿਚ ਸ਼ੁਰੂ ਹੋਇਆ ਸੀ ਅਤੇ ਦਸੰਬਰ 2022 ਤੱਕ ਪੂਰਾ ਹੋਵੇਗਾ।ਇਸ ਪ੍ਰੋੋਜੈਕਟ ਅਧੀਨ ਭੁਚੱਰਕਲਾਂ ਪਿੰਡ ਵਿਚ 28.8 ਐਮਐਲਡੀ ਦਾ ਵਾਟਰ ਟਰੀਟਮਂੈਟ ਪਲਾਂਟ ਬਣਾਇਆ ਜਾਵੇਗਾ।
ਇਸੇ ਤਰਾਂ ਗੁਰਦਾਸਪੁਰ ਜ਼ਿਲੇ ਵਿਚ ਚੱਲ ਰਹੇ 2 ਪ੍ਰੋਜੈਕਟਾਂ ਨਾਲ 142 ਪਿੰਡਾਂ ਦੇ 25069 ਘਰਾਂ ਨੂੰ ਫਾਇਦਾ ਹੋਵੇਗਾ। ਇਨਾਂ ਪ੍ਰੋਜੈਕਟਾਂ ਦੀ ਲਾਗਤ 123 ਕਰੋੜ ਰੁਪਏ ਹੈ। ਇਹ ਪ੍ਰੋਜੈਕਟ ਫਰਵਰੀ ਅਤੇ ਅਕਤੂਬਰ 2020 ਵਿਚ ਸ਼ੁਰੂ ਹੋਏ ਸਨ ਅਤੇ ਫਰਵਰੀ ਤੇ ਦਸੰਬਰ 2022 ਵਿਚ ਮੁਕੰਮਲ ਹੋਣਗੇ। ਇਨਾਂ ਸਕੀਮਾ ਅਧੀਨ ਪਾਰੋੋਵਾਲ (9 ਐਮਐਲਡੀ) ਅਤੇ ਕੰੁਝਰ (14 ਐਮਐਲਡੀ) ਪਿੰਡਾਂ ਵਿੱਚ ਵਾਟਰ ਟਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ । ਉਨਾਂ ਦੱਸਿਆ ਕਿ ਇਨਾਂ ਸਾਰੇ ਪ੍ਰੋਜੈਕਟਾਂ ਦੀ ਸਾਂਭ-ਸੰਭਾਲ 10 ਸਾਲਾਂ ਲਈ ਸਬੰਧਤ ਠੇਕੇਦਾਰ/ਕੰਪਨੀਆਂ ਵੱਲੋਂ ਕੀਤੀ ਜਾਵੇਗੀ।