ਨਵੀਂ ਦਿੱਲੀ : ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ‘ਤੇ ਕੇਂਦਰ ਖਿਲਾਫ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਕਾਰ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਲਖਮੀਰਵਾਲਾ ਸ਼ੁਰੂ ਤੋਂ ਹੀ ਜਥੇਬੰਦੀ ਦੇ ਸਾਥੀਆਂ ਨਾਲ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ਤੇ ਸਨ ਪਰ ਕੁੱਝ ਦਿਨ ਪਹਿਲਾਂ ਅਚਾਨਕ ਉਸ ਦੀ ਤਬੀਅਤ ਬਿਗੜ ਗਈ ਸੀ। ਉਹ ਆਪਣੇ ਨਿੱਜੀ ਡਾਕਟਰ ਤੋਂ ਚੈੱਕਅਪ ਕਰਵਾਉਣ ਪਿੰਡ ਆ ਗਏ ਸਨ। ਡਾਕਟਰ ਤੋਂ ਜਾਂਚ ਕਰਵਾ ਕੇ ਦਵਾਈ ਲੈਣ ਉਪਰੰਤ ਬੱਸ ਰਾਹੀਂ ਵਾਪਸ ਦਿੱਲੀ ਟਿਕਰੀ ਬਾਰਡਰ ਜਾ ਰਿਹਾ ਸੀ ਕਿ ਰੋਹਤਕ ਨੇੜੇ ਬੱਸ 'ਚ ਤਕਨੀਕੀ ਨੁਕਸ ਪੈਣ ਕਾਰਨ ਤੇਜ ਰਫ਼ਤਾਰ ਬੱਸ ਇਕ ਦੀਵਾਰ 'ਚ ਵੱਜੀ।ਜਿਸ ਕਾਰਨ ਬੱਸ ਦੀਆਂ ਕਈ ਹੋਰ ਸਵਾਰੀਆਂ ਨਾਲ ਉਹ ਵੀ ਗੰਭੀਰ ਹੋ ਗਿਆ। ਸਵਾਰੀਆਂ ਸਮੇਤ ਇਲਾਜ ਲਈ ਤੁਰੰਤ ਪੀ.ਜੀ.ਆਈ.ਰੋਹਤਕ ਲਿਜਾਇਆ ਗਿਆ ਸੀ। ਹੁਣ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ।