ਪੰਚਕੂਲਾ : ਹਰਿਆਣਾ ਵਿਚ ਕੋਵਿਡ 19 ਵੈਕਸੀਨ ਲਗਾਉਣ ਦੀ ਪੂਰੀ ਪ੍ਰਕ੍ਰਿਆ ਨੂੰ ਕਮੀ ਰਹਿਤ ਬਣਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਯੋੋਜਨਾ ਅਨੁਸਾਰ ਜਿਲਾ ਪੰਚਕੂਲਾ ਵਿਚ ਡਰਾਈ ਰਨ ਚਲਾਇਆ ਗਿਆ।
ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਇਸ ਮੌਕੇ 'ਤੇ ਕਿਹਾ ਕਿ ਕੋਵਿਡ 19 ਵੈਕਸੀਨ ਲਗਾਉਣ ਦੀ ਸੁਚਾਰੂ ਪ੍ਰਕ੍ਰਿਆ ਯਕੀਨੀ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਹਰਿਆਣਾ ਵਿਚ 2 ਜਨਵਰੀ, 2021 ਨੂੰ ਡਰਾਈ ਰਨ ਦੀ ਯੋੋਜਨਾ ਬਣਾਈ ਸੀ। ਡਰਾਈ ਰਨ ਚਲਾਉਣ ਦਾ ਮੁਢਲਾ ਮੰਤਵ ਕੋਵਿਡ 19 ਰੋਲ ਆਊਟ ਦੀ ਪੂਰੀ ਪ੍ਰਕ੍ਰਿਆ ਦਾ ਸ਼ੁਰੂ ਤੋਂ ਆਖਰੀ ਤਕ ਅਭਿਆਸ ਕਰਨਾ ਸੀ, ਤਾਂ ਜੋ ਇਸ ਦੇ ਲਾਗੂ ਕਰਨ ਵਿਚ ਆਉਣ ਵਾਲੀ ਸਾਰੀ ਚੁਣੌਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਵੈਕਸੀਨ ਰੋਲ ਆਊਟ ਦੇ ਅਸਲ ਲਾਗੂਕਰਨ ਲਈ ਵੇਰਵੇ ਸਹਿਤ ਯੋਜਨਾ ਤਿਆਰ ਕਰਨ ਵਿਚ ਮਦਦ ਮਿਲੇਗੀ ਅਤੇ ਵੱਖ-ਵੱਵ ਪੱਧਰਾਂ 'ਤੇ ਪ੍ਰੋਗ੍ਰਾਮ ਮੈਨੇਜਰਾਂ ਵਿਚ ਵੀ ਭਰੋਸਾ ਆਵੇਗਾ। ਉਨ੍ਹਾਂ ਕਿਹਾ ਕਿ ਇਸ ਡਰਾਈ ਰਨ ਨਾਲ ਜਿਲਾ ਅਤੇ ਬਲਾਕ ਪੱਧਰ 'ਤੇ ਤਿਆਰੀਆਂ ਦਾ ਜਾਇਜਾ ਲੈਣ ਤੇ ਸਮੀਖਿਆ ਕਰਨ ਅਤੇ ਤਜਰਬੇ 'ਤੇ ਆਧਾਰਿਤ ਡੇਟਾ ਇੱਕਠਾ ਕਰਨ ਵਿਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ, ਕੋਵਿਡ 19 ਵੈਕਸੀਨ ਰੋਲ ਆਊਟ ਦਾ ਸਫਲ ਲਾਗੂਕਰਨ ਯਕੀਨੀ ਕਰਨ ਲਈ ਸੂਬੇ ਵਿਚ 7 ਜਨਵਰੀ, 2021 ਨੂੰ ਵੀ ਡਰਾਈ ਰਨ ਦੀ ਯੋਜਨਾ ਬਣਾਈ ਹੈ।
ਸੂਬੇ ਵਿਚ 7 ਜਨਵਰੀ ਨੂੰ ਲਾਗੂ ਕੀਤੇ ਜਾਣ ਵਾਲੇ ਡਰਾਈ ਰਨ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਅਰੋੜਾ ਨੇ ਦਸਿਆ ਕਿ ਹਰੇਕ ਜਿਲੇ ਵਿਚ ਤਿੰਨ ਸੈਸ਼ਲ ਸਾਈਟਾਂ ਦੀ ਚੋਣ ਕੀਤੀ ਜਾਵੇਗੀ। ਅੱਜ ਪੰਚਕੂਲਾ ਵਿਚ ਜਿੰਨ੍ਹਾਂ ਥਾਂਵਾਂ 'ਤੇ ਡਰਾਈ ਰਨ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲਾ ਪੰਚਕੂਲਾ ਵਿਚ 4 ਚੋੋਣ ਥਾਂਵਾਂ 'ਤੇ ਡਰਾਈ ਰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿਚ 2 ਥਾਂਵਾਂ ਸ਼ਹਿਰੀ ਅਤੇ 2 ਪੇਂਡੂ ਖੇਤਰ ਹਨ। ਸ਼ਹਿਰੀ ਖੇਤਰ ਵਿਚ ਸਾਈਟਾਂ ਸੈਕਟਰ 4 ਡਿਸਪੈਂਸਰੀ ਅਤੇ ਸੈਕਟਰ 8 ਡਿਸਪੈਂਸਰੀ ਵਿਚ ਹੈ, ਜਦੋਂ ਕਿ ਪੇਂਡੂ ਖੇਤਰ ਵਿਚ ਮੁੱਢਲਾ ਸਿਹਤ ਕੇਂਦਰ - ਕੋਟ ਅਤੇ ਮੁੱਢਲਾ ਸਿਹਤ ਕੇਂਦਰ ਰਾਏਪੁਰ ਰਾਣੀ ਵਿਚ ਹੈ। ਸ਼੍ਰੇਣੀ 1 ਦੇ ਤਹਿਤ ਸਿਹਤ ਕਰਮਚਾਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਸ਼੍ਰੇਣੀ 2 ਦੇ ਤਹਿਤ ਪਾਲਿਕਾ ਅਤੇ ਸਫਾਈ ਕਰਚਮਾਰੀਆਂ, ਰਾਜ ਅਤੇ ਕੇਂਦਰੀ ਪੁਲਿਸ ਬਲ, ਸਿਵਲ ਡਿਫੈਂਸ ਅਤੇ ਹਥਿਆਰਬੰਦ ਬਲਾਂ ਜਿਵੇਂ ਫਰੰਟ ਲਾਇਨ ਕਾਰਕੁਨਾਂ ਦਾ ਟੀਕਾਕਰਣ ਕੀਤਾ ਜਾਵੇਗਾ। ਸ਼੍ਰੇਣੀ 3 ਦੇ ਤਹਿਤ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸ਼੍ਰੇਣੀ 4 ਵਿਚ 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ, ਜੋ ਬਿਮਾਰ ਹਨ।
ਕੌਮੀ ਸਿਹਤ ਮਿਸ਼ਨ, ਹਰਿਆਣਾ ਦੇ ਮਿਸ਼ਨ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਇਸ ਮੌਕੇ ਦਸਿਆ ਕਿ ਸੂਬ ਵਿਚ ਇਕ ਸਾਲ ਵਿਚ ਲਗਭਗ 67 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇੰਨ੍ਹਾਂ ਵਿਚ ਸਿਹਤ ਕਾਰਕੁਨ ਲਗਭਗ 2 ਲੱਖ, ਫਰੰਟ ਲਾਇਨ ਕਾਰਕੁਨ 4.5 ਲੱਖ, 50 ਸਾਲ ਦੀ ਉਮਰ ਤੋਂ ਉੱਪਰ ਦੀ ਆਬਾਦੀ 58 ਲੱਖ, 50 ਸਾਲ ਤੋਂ ਘੱਟ ਉੱਮਰ ਦੇ ਅਜਿਹੇ ਲੋਕ ਜੋ ਬਿਮਾਰ ਹਨ 2.25 ਲੱਖ ਸ਼ਾਮਿਲ ਹਨ।